ਡਿਪਟੀ ਕਮਿਸ਼ਨਰ ਨੇ ਪੱਕੀਆਂ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਦਿੱਤੇ ਦਿਸ਼ਾ-ਨਿਰਦੇਸ਼

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਹੁਣ ਕਣਕਾਂ ਪੱਕਣ ਵਾਲੀਆਂ ਹਨ ਅਤੇ ਇਹਨਾਂ ਦਿਨਾਂ ਵਿੱਚ ਕਿਸਾਨਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਜਿਵੇਂ ਕਿ ਅਸੀਂ ਹਰ ਵਾਰ ਦੇਖਦੇ ਹਾਂ ਕਿ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਪੁੱਤਾਂ ਵਾਂਗ ਪਾਲੀ ਫਸਲ ਸਵਾਹ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਅਣਗਹਿਲੀਆਂ ਕਰਕੇ ਕਈ ਵਾਰ ਕਿਸਾਨ ਆਪਣਾ ਨੁਕਸਾਨ ਆਪ ਕਰ ਬੈਠਦੇ ਹਨ।
ਡਿਪਟੀ ਕਮਿਸ਼ਨਰ  ਵਿਪੁਲ ਉਜਵਲ ਨੇ ਪੱਕੀਆਂ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕਣਕ ਦੇ ਖੇਤਾਂ ਕੋਲ ਅੱਗ ਨਾ ਮਚਾਓ ਅਤੇ ਨਾ ਹੀ ਕਿਸੇ ਨੂੰ ਲਗਾਉਣ ਦਿਓ। ਉਹਨਾਂ ਦੱਸਿਆ ਕਿ ਜੇਕਰ ਕੋਈ ਨੌਕਰ, ਸੀਰੀ, ਬਾਲੀ ਬੀੜੀ-ਸਿਗਰਟ ਦੀ ਵਰਤੋਂ ਕਰਦਾ ਹੈ, ਤਾਂ ਉਸ ਨੂੰ ਖੇਤ ਵਿੱਚ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੈਕਟਰ, ਕੰਬਾਇਨ ਆਦਿ ਤੇ ਬੈਟਰੀ ਵਾਲੀਆਂ ਤਾਰਾਂ ਨੂੰ ਸਪਾਰਕ ਨਾ ਕਰਨ ਦਿਓ। ਖੇਤ ਵਿੱਚ ਟਰੈਕਟਰ ਲਿਜਾਉਣ ਤੋਂ ਪਹਿਲਾਂ ਕਿਸੇ ਚੰਗੇ ਇਲੈਕਟ੍ਰਿਸ਼ਨ ਤੋਂ ਤਾਰਾਂ ਆਦਿ ਦੀ ਮੁਰੰਮਤ ਤੇ ਸਰਵਿਸ ਚੰਗੀ ਤਰ•ਾਂ ਕਰਵਾ ਲੈਣੀ ਚਾਹੀਦੀ ਹੈ।
ਵਿਪੁਲ ਉਜਵਲ ਨੇ ਦੱਸਿਆ ਕਿ ਢਾਣੀਆਂ ‘ਚ ਘਰਾਂ ਵਾਲੀਆਂ ਔਰਤਾਂ ਅਤੇ ਸੁਆਣੀਆਂ ਕੰਮ ਕਰਨ ਤੋਂ ਬਾਅਦ ਚੁੱਲ•ੇ ਵਿੱਚ ਅੱਗ ਨਾ ਛੱਡਣ, ਪਾਣੀ ਦਾ ਛਿੱਟਾ ਮਾਰ ਦੇਣ ਤਾਂ ਜੋ ਤੇਜ਼ ਹਵਾ ਨਾਲ ਅੱਗ ਨਾ ਉਡ ਸਕੇ। ਉਹਨਾਂ ਕਿਹਾ ਕਿ ਖੇਤ ਨੇੜਲੇ ਖਾਲ, ਡੱਗੀਆਂ, ਚੁਬੱਚੇ, ਸਪਰੇਅ ਪੰਪ ਅਤੇ ਟੈਂਕੀਆਂ ਪਾਣੀ ਨਾਲ ਭਰ ਕੇ ਰੱਖਣੇ ਚਾਹੀਦੇ ਹਨ। ਖੇਤਾਂ ਵਿੱਚ ਟਰਾਂਸਫਾਰਮਰਾਂ ਆਦਿ ਦੀ ਸਵਿੱਚ ਕੱਟ ਕੇ ਰੱਖਣੀ ਚਾਹੀਦੀ ਹੈ ਅਤੇ ਉਸ ਦੇ ਥੱਲਿਓਂ ਕੁਝ ਮਰਲੇ ਥਾਂ ਤੋਂ ਫ਼ਸਲ ਪਹਿਲਾਂ ਹੀ ਕੱਟ ਲਵੋ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਦਿਨ ਸਮੇਂ ਖੇਤਾਂ ਵਿੱਚ ਬਿਜਲੀ ਦੀ ਵਰਤੋਂ ਕਰਨ ਤੋਂ ਪ੍ਰਹੇਜ ਕਰੋ ਅਤੇ ਹੋਰਨਾਂ ਨੂੰ ਵੀ ਪ੍ਰਹੇਜ਼ ਕਰਨ ਲਈ ਆਖੋ ਅਤੇ ਬਿਜਲੀ ਦੀ ਵਰਤੋਂ ਕੇਵਲ ਰਾਤ ਸਮੇਂ ਹੀ ਕਰੋ। ਉਹਨਾਂ ਦੱਸਿਆ ਕਿ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਜਾਂ ਪਾਠੀ ਭਾਈ ਦਾ ਨੰਬਰ ਆਪਣੇ ਫੋਨ ‘ਚ ਰੱਖੋ, ਤਾਂ ਜੋ ਅਣਹੋਣੀ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਸਪੀਕਰ ‘ਚ ਬੋਲ ਕੇ ਸੂਚਨਾ ਦੇ ਕੇ ਅੱਗ ਨੂੰ ਕਾਬੂ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਲੋੜ ਪੈਣ ‘ਤੇ ਫਾਇਰ ਬ੍ਰਿਗੇਡ ਦਾ ਨੰਬਰ 101 ਡਾਇਲ ਕਰੋ। ਉਹਨਾਂ ਕਿਹਾ ਕਿ ਪੁਰਾਣੇ ਸੰਦਾਂ ਜਿਵੇਂ ਟਰੈਕਟਰ ਜਾਂ ਮਸ਼ੀਨਾਂ ਤੋਂ ਚੰਗਿਆੜੇ ਦਾ ਡਰ ਹੋਵੇ, ਉਸ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨੀ ਚਾਹੀਦੀ ਹੈ।

Advertisements

LEAVE A REPLY

Please enter your comment!
Please enter your name here