
ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਬਹਿਸਬਾਜ਼ੀ ਦੌਰਾਨ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮੁਲਜ਼ਮ ਮੌਕੇ ਤੋਂ ਭੱਜ ਗਿਆ। ਪੁਲਿਸ ਦੇ ਅਨੁਸਾਰ ਘਟਨਾ ਸੰਬੰਧੀ ਦੋ ਪੀਸੀਆਰ ਕਾਲਾਂ ਸਵੇਰੇ 2:22 ਵਜੇ ਅਤੇ 2:26 ਵਜੇ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਗੋਲੀਬਾਰੀ ਅਤੇ ਝਗੜੇ ਦੀ ਰਿਪੋਰਟ ਦਿੱਤੀ ਗਈ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਝਗੜਾ ਏ-144, ਪ੍ਰੀਤ ਵਿਹਾਰ ਵਿੱਚ ਹੋਇਆ, ਜਿੱਥੇ ਪੰਕਜ ਨਈਅਰ (34) ਅਤੇ ਉਸ ਦੇ ਭਰਾ ਪਾਰਸ (43) ਦਾ ਪਾਰਕਿੰਗ ਨੂੰ ਲੈ ਕੇ ਗੌਰਵ ਸ਼ਰਮਾ ਨਾਲ ਝਗੜਾ ਹੋਇਆ।

ਅਰੋਪ ਹੈ ਕਿ ਬਹਿਸ ਦੌਰਾਨ ਗੌਰਵ ਸ਼ਰਮਾ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਪੰਕਜ ਨਈਅਰ ਦੀ ਛਾਤੀ ਵਿੱਚ ਲੱਗੀ। ਗੰਭੀਰ ਹਾਲਤ ਵਿੱਚ ਉਸਨੂੰ ਤੁਰੰਤ ਨਿਰਮਾਣ ਵਿਹਾਰ ਦੇ ਮਲਿਕ ਰੈਡਿਕਸ ਹੈਲਥ ਕੇਅਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਭੱਜ ਗਿਆ।ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਗਏ। ਜਦਕਿ ਆਰੋਪੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਜਲਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।












