
ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਦੇ ਪਿੰਡ ਫਤਿਹਪੁਰ ਮਣੀਆਂਵਾਲਾ ਵਿਖੇ ਆਂਗੜਵਾੜੀ ਸੈਂਟਰ ‘ਚ ਮਹਿਲਾ ਹੈਲਪਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਕੁੱਝ ਹੀ ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਪੁਲਿਸ ਨੇ ਮਾਮਲੇ ‘ਚ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ ਮ੍ਰਿਤਕਾ ਰਮਨਦੀਪ ਕੌਰ ਦਾ ਅਜਨਾਲਾ ਦੇ ਇੱਕ ਮੁੰਡੇ ਨਾਲ ਰਿਲੇਸ਼ਨ ਸੀ, ਜੋ ਕਿ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਉਸ ਨੂੰ ਮਿਲਿਆ ਸੀ। ਪੁਲਿਸ ਨੇ ਕਥਿਤ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਜਾਣਕਾਰੀ ਅਨੁਸਾਰ, ਕਥਿਤ ਆਰੋਪੀ ਅਜਨਾਲਾ ਦਾ ਕਰਨਦੀਪ ਸਿੰਘ ਹੈ, ਜੋ ਕਿ 6 ਮਹੀਨੇ ਪਹਿਲਾਂ ਆਂਗੜਵਾੜੀ ਹੈਲਪਰ ਵੱਜੋਂ ਕੰਮ ਕਰਦੀ ਰਮਨਦੀਪ ਦੇ ਨਾਲ ਸੋਸ਼ਲ ਮੀਡੀਆ ‘ਤੇ ਮਿਲਿਆ ਸੀ ਅਤੇ ਦੋਵਾਂ ਵਿੱਚ ਲਗਾਤਾਰ ਗੱਲ ਚਲਦੀ ਰਹੀ ਸੀ ਤੇ ਚੈਟਿੰਗ ਵੀ ਹੁੰਦੀ ਰਹੀ ਸੀ।
ਪੁਲਿਸ ਅਨੁਸਾਰ, ਲੰਘੇ ਕੱਲ ਵੀ ਕਰਨਦੀਪ, ਰਮਨਦੀਪ ਨੂੰ ਮਿਲਣ ਆਇਆ ਪਰ ਉਹ ਮਿਲ ਨਾ ਸਕਿਆ ਅਤੇ ਫਿਰ ਅੱਜ ਸਵੇਰੇ ਆਇਆ, ਜਦੋਂ ਰਮਨਦੀਪ 8 ਕੁ ਵਜੇ ਆਂਗਨਵਾੜੀ ਸੈਂਟਰ ਗਈ ਤਾਂ ਉੱਥੇ ਉਸਨੇ ਰਮਨਦੀਪ ਕੌਰ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ।
ਡੀਐਸਪੀ ਲੰਬੀ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਰਮਨਦੀਪ ਕੌਰ ਆਪਣੇ ਕਥਿਤ ਪ੍ਰੇਮੀ ਕਰਨਦੀਪ ਤੋਂ ਪਰੇਸ਼ਾਨ ਸੀ ਤੇ ਅੱਜ ਸਵੇਰੇ ਕਰਨਦੀਪ ਨੇ ਆਗਨਵਾੜੀ ਸੈਂਟਰ ਵਿਖੇ ਹੀ ਕਤਲ ਕਰ ਦਿੱਤਾ, ਜਿਸ ਪਿੱਛੋਂ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਕਿਹ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮੁਸਤੈਦੀ ਵਿਖਾਉਂਦੇ ਹੋਏ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕਤਲ ਕਰਨ ਵਾਲੇ ਕਰਨਦੀਪ ਨੂੰ ਫੜ ਲਿਆ ਅਤੇ ਉਸ ਵਿਰੁੱਧ 103/1 ਬੀ.ਐਨ.ਐਸ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਹੈ।












