
ਚੰਡੀਗੜ੍ਹ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਦੇ 7 ਸੰਸਦ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੇ ਜਾਣ ਤੋਂ ਸਿਆਸੀ ਹਲਚਲ ਕਾਫੀ ਤੇਜ ਹੋ ਗਈ ਹੈ। ‘ਆਪ’ ਵਰਕਰਾਂ ਨੇ ਪੰਜਾਬ ‘ਚ ਸੰਸਦਾਂ ਦੇ ਘਰਾਂ ਤੇ ਜਾਇਦਾਦਾਂ ਅੱਗੇ ਰਣਨੀਤੀ ਤਹਿਤ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ ਅਤੇ ‘ਗੱਦਾਰ’ ਲਿਖਿਆ ਜਾ ਰਿਹਾ ਹੈ। ਵਰਕਰਾਂ ਵੱਲੋਂ ਪਾਰਟੀ ਬਦਲਣ ‘ਤੇ ਹੁਣ ਸੰਸਦਾਂ ਦਾ ਵਿਰੋਧ ਕਰਦੇ ਹੋਏ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਰਕਰਾਂ ਦੀ ਅਗਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਦੇ ਆਗੂਆਂ ਨੇ ਜਲੰਧਰ ਵਿਚ ਜੰਮ ਕੇ ਹੰਗਾਮਾ ਕੀਤਾ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਘਰ ਦੀਆਂ ਕੰਧਾਂ ‘ਤੇ ਕਾਲੇ ਅੱਖਾਂ ‘ਚ ‘ਗੱਦਾਰ’ ਲਿਖ ਦਿੱਤਾ। ਹਰਭਜਨ ਸਿੰਘ ਦੇ ਘਰ ਦੀ ਪਿਛਲੀ ਕੰਧ ‘ਤੇ ਇਹ ਸ਼ਬਦਾਵਲੀ ਲਿਖੀ ਗਈ। ਭੜਕੇ ਹੋਏ ਵਰਕਰਾਂ ਨੇ ਹਰਭਜਨ ਸਿੰਘ ਦੀ ਛੋਟੀ ਬਾਰਾਦਰੀ ਸਥਿਤ ਕੋਠੀ ਦੇ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਪੁਲਿਸ ਵੱਲੋਂ ਵਰਕਰਾਂ ਨੂ਼ੰ ਰੋਕਣ ਦੀ ਕਾਰਵਾਈ ਵੀ ਕੀਤੀ ਗਈ। ਹਾਲਾਂਕਿ, ਵਰਕਰਾਂ ਨੇ ਉਦੋਂ ਤੱਕ ਆਪਣੀ ਕਾਰਵਾਈ ਕਰ ਲਈ। ਉਧਰ, ਫਗਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾਂਸਦ ਅਸ਼ੋਕ ਮਿੱਤਲ ਦਾ ਉਨ੍ਹਾਂ ਦੀ ਯੂਨੀਵਰਸਿਟੀ ਦੇ ਅੱਗੇ ਪੁਤਲਾ ਫੂਕਿਆ। ਇਸ ਮੌਕੇ ਯੂਨੀਵਰਸਿਟੀ ਦੇ ਗੇਟ ਦੇ ਉੱਪਰ ਕਾਲੀ ਸਪਰੇ ਨਾਲ ਅਸ਼ੋਕ ਮਿੱਤਲ ਮੁਰਦਾਬਾਦ ਵੀ ਲਿਖਿਆ ਗਿਆ ਅਤੇ ਯੂਨੀਵਰਸਿਟੀ ਦੇ ਬਾਹਰ ਲੱਗੀ ਫਲੈਕਸਾਂ ਨੂੰ ਵੀ ਪਾੜਿਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਇਹਨਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪਵੇਗਾ, ਇਹ ਪੰਜਾਬ ਦੇ ਗੱਦਾਰ ਹਨ, ਜਿਨਾਂ ਨੂੰ ਲੋਕ 2027 ਵਿੱਚ ਮੂੰਹ ਤੋੜਵਾਂ ਜਵਾਬ ਦੇਣਗੇ।
ਲੁਧਿਆਣਾ ਵਿੱਚ ਵੀ ਆਪ ਦੇ ਯੂਥ ਵਿੰਗ ਨੇ ਦੁਪਹਿਰ ਸਮੇਂ ਕਿਚਲੂ ਨਗਰ ਵਿੱਚ ਰਾਜ ਸਭਾ ਮੈਂਬਰ ਅਤੇ ਉੱਘੇ ਕਾਰੋਬਾਰੀ ਰਜਿੰਦਰ ਗੁਪਤਾ ਵਿਰੁੱਧ ਰੋਸ ਮੁਹਿੰਮ ਸ਼ੁਰੂ ਕੀਤੀ। ‘ਆਪ’ ਵਰਕਰਾਂ ਨੇ ਟ੍ਰਾਈਡੈਂਟ ਗਰੁੱਪ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਰਜਿੰਦਰ ਗੁਪਤਾ ਲਈ ਕੰਧਾਂ ‘ਤੇ ‘ਗੱਦਾਰ’ ਸ਼ਬਦ ਲਿਖੇ। ਇਸਤੋਂ ਇਲਾਵਾ ਸਾਂਸਦ ਦਾ ਪੁਤਲਾ ਵੀ ਫੂਕਿਆ ਗਿਆ। ਹਾਲਾਂਕਿ, ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾਈ ਉਪ ਪ੍ਰਧਾਨ ਪਰਮਿੰਦਰ ਸੰਧੂ ਨੇ ਕਿਹਾ ਕਿ ‘ਆਪ’ ਸਾਂਸਦਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਾ ਕਿ ਸੰਸਦ ਬੀਤੇ ਦਿਨ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਪੰਜਾਬ ਭਰ ਦੇ ਯੂਥ ਵਿੰਗ ਵਰਕਰ ਅੱਜ ਇਸ ਦੇ ਵਿਰੋਧ ਵਿੱਚ ਇਕੱਠੇ ਹੋਏ ਹਨ। ਉਨ੍ਹਾਂ ਕਿਹਾ, “ਅਸੀਂ ਭਾਜਪਾ ਦੀਆਂ ਨੀਤੀਆਂ ਅਤੇ ਦਲ ਬਦਲੀ ਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸੰਸਦਾਂ ਦੇ ਪੱਖ ਬਦਲਣ ਦਾ ਜਵਾਬ ਦੇਣ ਲਈ ਯੂਥ ਵਿੰਗ ਅੱਜ ਸੜਕਾਂ ‘ਤੇ ਉਤਰ ਆਇਆ ਹੈ।”












