
ਲੁਧਿਆਣਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਦਿਨ-ਪ੍ਰਤੀ-ਦਿਨ ਲੁੱਟਾਂ-ਖੋਹਾਂ ਦਾ ਸਿਲਸਿਲਾ ਵੱਧਦਾ ਹੀ ਜਾ ਰਿਹਾ ਹੈ। ਲੁਧਿਆਣਾ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ ਇੱਕ ਸੁਨਿਆਰੇ ਦੀ ਲੁੱਟ ਕੀਤੀ ਗਈ ਹੈ। ਬਦਮਾਸ਼ਾਂ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਸੁਨਿਆਰੇ ‘ਤੇ ਹਮਲਾ ਕੀਤਾ ਗਿਆ ਅਤੇ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕੁੱਲ 80 ਲੱਖ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਗਈ ਹੈ।

ਇਹ ਘਟਨਾ ਏਟੀਆਈ ਰੋਡ ‘ਤੇ ਸਥਿਤ ਇੱਕ ਗਹਿਣਿਆਂ ਦੀ ਦੁਕਾਨ ‘ਤੇ ਦੁਪਹਿਰ ਕਰੀਬ12:00 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਵਿੱਚ ਦਾਖਲ ਹੋਏ। ਲੁੱਟ ਦੀ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਹਮਲੇ ਵਿੱਚ ਦੁਕਾਨਦਾਰ ਰਣਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਦੱਸਿਆ ਗਿਆ ਹੈ, ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੁਕਾਨਦਾਰ ਦੇ ਰਿਸ਼ਤੇਦਾਰਾਂ ਅਨੁਸਾਰ, ਮੁਲਜ਼ਮਾਂ ਵੱਲੋਂ 80 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਤੇ ਨਕਦੀ ਲੁੱਟੀ ਗਈ ਹੈ।
ਰਣਜੀਤ ਸਿੰਘ ਦੇ ਚਚੇਰੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਬਦਮਾਸ਼ਾਂ ਦੇ ਮੂੰਹ ਢਕੇ ਹੋਏ ਸਨ, ਜਿਨ੍ਹਾਂ ਵਿਚੋਂ ਇੱਕ ਦੇ ਕੋਲ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਉਸਨੇ ਰਣਜੀਤ ਸਿੰਘ ਨੂੰ ਬੰਧਕ ਬਣਾ ਲਿਆ ਅਤੇ ਕਮਰੇ ਵਿਚ ਧੱਕਾ ਮਾਰ ਕੇ ਸੁੱਟਿਆ ਤੇ ਚਾਕੂ ਨਾਲ ਕਈ ਵਾਰ ਕੀਤੇ। ਉਪਰੰਤ ਮੁਲਜ਼ਮ ਗਹਿਣਿਆਂ ਤੇ ਹੋਰ ਸਾਮਾਨ ਸਮੇਤ ਰਣਜੀਤ ਸਿੰਘ ਦੀ ਲਾਇਸੰਸੀ ਪਿਸਤੌਲ ਵੀ ਜਾਂਦੇ ਹੋਏ ਨਾਲ ਲੈ ਗਏ।
ਚਿੱਟੇ ਦਿਨ ਲੁੱਟ ਦੀ ਘਟਨਾ ਵਾਪਰਨ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਪਹਿਲਾਂ ਇਸ ਇਲਾਕੇ ਦੀ ਰੇਕੀ ਕੀਤੀ ਸੀ। ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।












