
ਰੋਪੜ (ਦ ਸਟੈਲਰ ਨਿਊਜ਼)। ਰੋਪੜ ਦੇ ਮੋਰਿੰਡਾ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਦੁਪਹਿਰੇ ਲਗਭਗ 3 ਵਜੇ ਦੇ ਕਰੀਬ ਅਵਾਰਾ ਕੁੱਤਿਆਂ ਨੇ ਗਲੀ ਵਿੱਚੋਂ ਲੰਘ ਰਹੀ ਇੱਕ ਅੱਠ ਸਾਲ ਦੀ ਬੱਚੀ ਤੇ ਲਗਭਗ ਅੱਧਾ ਦਰਜਨ ਅਵਾਰਾ ਕੁੱਤਿਆਂ ਨੇ ਹਮਲਾ ਕੀਤਾ ਅਤੇ ਨੋਚ ਨੋਚ ਕੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਖੌਫਨਾਕ ਮੰਜਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ ਹੈ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ ਅਤੇ ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਰੋਂਦੀ ਚੀਕ ਰਹੀ ਸੀ, ਪ੍ਰੰਤੂ ਮੌਕੇ ‘ਤੇ ਕਿਸੇ ਨੇ ਵੀ ਉਸ ਨੂੰ ਬਾਹਰ ਆ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਸ਼ਹਿਰ ਦੇ ਵਾਰਡ ਨੰਬਰ ਇੱਕ ਵਿੱਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ, ਜਦੋਂ ਕਿ ਦੁਪਹਿਰ ਸਮੇਂ ਇਹ ਅੱਠ ਸਾਲਾਂ ਬੱਚੀ ਦੁੱਧ ਲੈਣ ਲਈ ਆਪਣੇ ਘਰੋਂ ਮਾਰਕੀਟ ਜਾ ਰਹੀ ਸੀ ਤਾਂ ਸਿਖਰ ਦੁਪਹਿਰ ਦੀ ਗਰਮੀ ਵਿੱਚ ਜਦੋਂ ਸੜਕਾਂ ਸੁੰਨੀਆਂ ਸੀ ਤਾਂ ਇਸ ਬੱਚੀ ਉੱਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੱਚੀ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁਢਲੀ ਸਹਾਇਤਾ ਦੇ ਕੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਜਿੱਥੇ ਕਿ ਉਸ ਬੱਚੀ ਨੇ ਇਹਨਾਂ ਅਵਾਰਾ ਕੁੱਤਿਆਂ ਦਾ ਹਮਲਾ ਨਾ ਸਹਿੰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ।












