
ਚੱਕੋਵਾਲ (ਦ ਸਟੈਲਰ ਨਿਊਜ਼)। “ਸਿਹਤ ਵਿਭਾਗ ਵੱਲੋਂ 28, 29 ਅਤੇ 30 ਜੂਨ ਨੂੰ ਪੁਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਆਈਆਂ ਜਾਣਗੀਆਂ।” ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਪੀ.ਐਚ.ਸੀ. ਚੱਕੋਵਾਲ ਵਿਖੇ ਮ.ਪ.ਹ.ਵ. ਫੀਮੇਲ, ਮ.ਪ.ਹ.ਵ. ਮੇਲ, ਆਸ਼ਾ ਵਰਕਰਾਂ ਅਤੇ ਪਲਸ ਪੋਲੀਓ ਸੁਪਰਵਾਈਜ਼ਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਐਸ.ਐਮ.ਓ. ਡਾ. ਮਨਪ੍ਰੀਤ ਕੌਰ ਅਤੇ ਬੀ.ਈ.ਈ. ਹਰਦੀਪ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁਹੰਮਦ ਆਸਿਫ਼ ਵੀ ਹਾਜ਼ਰ ਸਨ।

ਇਸ ਮੌਕੇ ਡਾ. ਸੀਮਾ ਗਰਗ ਨੇ ਕਿਹਾ ਕਿ ਇਸ ਵਾਰ ਗਰਮੀ ਦੇ ਮੌਸਮ ਵਿਚ ਪੁਲਸ ਪੋਲੀਓ ਆਇਆ ਹੈ ਪਰ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਉਹਨਾਂ ਕਿਹਾ ਕਿ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਦੀ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਉਹਨਾਂ ਕਿਹਾ ਕਿ ਪੋਲੀਓ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਹਨ। ਜਿਹਨਾਂ ਵਿਚ ਗਰਭਵਤੀ ਔਰਤਾਂ ਦਾ ਜਲਦੀ ਰਜਿਸਟਰੇਸ਼ਨ ਕਰਕੇ ਉਹਨਾਂ ਦੇ ਟੈਸਟ ਕਰਵਾਉਣੇ, ਟੀਕਾਕਰਨ ਅਤੇ ਜਣੇਪਾ ਸਰਕਾਰੀ ਸੰਸਥਾ ਵਿਚ ਕਰਵਾਉਣਾ। ਸਰਕਾਰੀ ਸੰਸਥਾ ਵਿਚ ਜਣੇਪਾ ਕਰਵਾਉਣ ਤੇ ਔਰਤ ਨੂੰ ਜੇ.ਐਸ.ਵਾਈ. ਸਕੀਮ ਅਧੀਨ ਹਸਪਤਾਲ ਵਿਚ ਰਹਿਣ ਵੇਲੇ ਮੁਫ਼ਤ ਖਾਣਾ ਅਤੇ 700 ਰੁਪਏ ਵੀ ਮਿਲਦੇ ਹਨ।
ਇਸ ਦੇ ਨਾਲ ਹੀ ਬੱਚਿਆਂ ਦਾ ਵੀ ਟੀਕਾਕਰਨ ਸਰਕਾਰੀ ਸੰਸਥਾ ਵਿਚ ਮੁਫ਼ਤ ਹੁੰਦਾ ਹੈ ਜੋ ਕਿ ਉਹਨਾਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦਾ ਹੈ। ਉੱਚ ਖਤਰੇ ਵਾਲੀਆਂ ਗਰਭਵਤੀਆਂ ਦਾ ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਵੱਲੋਂ ਖਾਸ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਗਰਭਵਤੀਆਂ ਨੂੰ ਆਇਰਨ ਅਤੇ ਕੈਲਸ਼ੀਅਮ ਦੇ ਨਾਲ-ਨਾਲ ਸੰਤੁਲਿਤ ਭੋਜਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੱਚਾ ਅਤੇ ਬੱਚਾ ਤੰਦਰੁਸਤ ਰਹਿਣ। ਬੱਚਿਆਂ ਨੂੰ ਸਮੇਂ-ਸਮੇਂ ਪੇਟ ਦੇ ਕੀੜਿਆਂ ਦੀ ਦਵਾਈ ਅਤੇ ਆਇਰਨ ਦੀ ਦਵਾਈ ਦਿੱਤੀ ਜਾਵੇ ਤਾਂ ਕਿ ਅਨੀਮੀਆ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ 14 ਸਾਲ ਦੀਆਂ ਬੱਚੀਆਂ ਨੂੰ ਐਚ.ਪੀ.ਵੀ. ਦੀ ਵੈਕਸੀਨ ਦੀ ਡੋਜ਼ ਜ਼ਰੂਰ ਲਗਵਾਈ ਜਾਵੇ ਤਾਂ ਕਿ ਉਹਨਾਂ ਦਾ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਕੀਤਾ ਜਾ ਸਕੇ। ਇਸ ਬਾਰੇ ਸੋਸ਼ਲ ਮੀਡਿਆ ਰਾਹੀਂ ਜੋ ਭਰਮ ਭੁਲੇਖੇ ਫੈਲਾਏ ਜਾ ਰਹੇ ਹਨ ਉਹ ਬਿਲਕੁਲ ਝੂਠ ਹਨ ਅਤੇ ਇਹ ਵੈਕਸੀਨ ਪੁਰਾਣੀ ਅਤੇ ਬਿਲਕੁਲ ਸੁਰੱਖਿਅਤ ਹੈ।












