
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਇਕ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿਥੇ ਅੰਮ੍ਰਿਤਸਰ ਵਿੱਚ 88 ਫੁੱਟ ਰੋਡ ਇਲਾਕੇ ਵਿੱਚ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਘਟਨਾ ਦੇ ਚਸ਼ਮਦੀਦਾਂ ਅਨੁਸਾਰ ਦੇਰ ਰਾਤ ਕੁਝ ਨੌਜਵਾਨ ਇਲਾਕੇ ਵਿੱਚ ਮੌਜੂਦ ਸਨ। ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਗੋਲੀਆਂ ਚੱਲਣ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਦੇ ਮਾਰੇ ਦੁਕਾਨਾਂ ਅਤੇ ਘਰਾਂ ਅੰਦਰ ਲੁੱਕ ਗਏ। ਉਨ੍ਹਾਂ ਕਿਹਾ ਕਿ ਕੁਝ ਹੀ ਮਿੰਟਾਂ ਵਿੱਚ ਹਮਲਾਵਰ ਫਰਾਰ ਹੋ ਗਏ, ਜਦਕਿ ਪੁਲਿਸ ਕੁਝ ਸਮੇਂ ਬਾਅਦ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਇਸ ਘਟਨਾ ਤੋਂ ਬਾਅਦ ਕਾਫੀ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਗੋਲੀ ਕਿਸੇ ਰਾਹਗੀਰ ਨੂੰ ਲੱਗ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਲੋਕਾਂ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਅੰਮ੍ਰਿਤਸਰ ਦੇ ਐਸਐਚਓ ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ 88 ਫੁੱਟ ਰੋਡ ‘ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਸਿਮਰਨਜੀਤ ਸਿੰਘ ਉਰਫ਼ ਬਿੱਲਾ ਨਾਮਕ ਵਿਅਕਤੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿਮਰਨਜੀਤ ਸਿੰਘ ਆਪਣੀ ਸਵਿਫਟ ਕਾਰ ਵਿੱਚ ਜਾ ਰਿਹਾ ਹੈ ਅਤੇ ਉਸ ਦੇ ਪਿੱਛੇ ਦੋ ਨੌਜਵਾਨ ਉਸ ‘ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।
ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸਦਰ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀਆਂ ਦੀ ਪਹਿਚਾਣ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।












