
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੌਰਵ ਪੁੱਤਰ ਚੰਦਰ ਸ਼ੇਖਰ, ਵਾਸੀ ਮਕਾਨ ਨੰਬਰ 381, ਵਾਰਡ ਨੰਬਰ 15, ਰਿਸ਼ੀ ਨਗਰ, ਹੁਸ਼ਿਆਰਪੁਰ ਵੱਲੋਂ ਅੱਜ ਸੀਨੀਅਰ ਪੁਲਿਸ ਕਪਤਾਨ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਕਾਂਗਰਸ ਦੇ ਪ੍ਰਵਕਤਾ ਦੀਪਕ ਝਾ ਵਿਰੁੱਧ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅਤਿਆਚਾਰ ਰੋਕਥਾਮ) ਐਕਟ, 1989, ਭਾਰਤੀ ਨਿਆਂ ਸੰਹਿਤਾ ਦੀਆਂ ਲਾਗੂ ਧਾਰਾਵਾਂ ਅਤੇ ਹੋਰ ਸੰਬੰਧਿਤ ਕਾਨੂੰਨੀ ਪ੍ਰਾਵਧਾਨਾਂ ਤਹਿਤ ਐੱਫ.ਆਈ.ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਜ਼ੀ ਨਿਊਜ਼ ‘ਤੇ “ਮੰਦਰ ਵਿੱਚ ਚੋਰੀ” ਵਿਸ਼ੇ ‘ਤੇ ਚੱਲ ਰਹੀ ਲਾਈਵ ਬਹਿਸ ਦੌਰਾਨ ਕਾਂਗਰਸ ਦੇ ਪ੍ਰਵਕਤਾ ਦੀਪਕ ਝਾ ਨੇ ਕਥਿਤ ਤੌਰ ‘ਤੇ ਵਿਧਾਇਕ ਕੁਲਦੀਪ ਕੁਮਾਰ (ਮੋਨੂ), ਜੋ ਵਾਲਮੀਕੀ ਭਾਈਚਾਰੇ ਨਾਲ ਸੰਬੰਧਿਤ ਹਨ, ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਟਿੱਪਣੀਆਂ ਕੀਤੀਆਂ। ਸ਼ਿਕਾਇਤ ਅਨੁਸਾਰ, ਬਹਿਸ ਦੌਰਾਨ ਭਗਵਾਨ ਵਾਲਮੀਕੀ ਜੀ ਪ੍ਰਤੀ ਵੀ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ, ਜਿਸ ਨਾਲ ਵਾਲਮੀਕੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਵੈਰ-ਵਿਰੋਧ ਅਤੇ ਨਫ਼ਰਤ ਫੈਲਣ ਦੀ ਸੰਭਾਵਨਾ ਪੈਦਾ ਹੋਈ।
ਸ਼ਿਕਾਇਤ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਵੀਡੀਓ ਦਾ ਲਿੰਕ ਜ਼ੀ ਨਿਊਜ਼ ਦੇ ਅਧਿਕਾਰਤ ਐਕਸ (X) ਅਕਾਊਂਟ ਤੋਂ ਪ੍ਰਾਪਤ ਕੀਤਾ ਗਿਆ ਹੈ ਅਤੇ ਵਿਵਾਦਿਤ ਵੀਡੀਓ ਕਲਿੱਪ ਦੀ ਸਹੀ ਪ੍ਰਤੀ ਵੀ ਸਬੂਤ ਵਜੋਂ ਸ਼ਿਕਾਇਤ ਨਾਲ ਨੱਥੀ ਕੀਤੀ ਗਈ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਤੁਰੰਤ ਜਾਂਚ ਕਰਕੇ, ਜੇ ਜਾਂਚ ਵਿੱਚ ਉਚਿਤ ਪਾਇਆ ਜਾਂਦਾ ਹੈ, ਤਾਂ ਦੀਪਕ ਝਾ ਵਿਰੁੱਧ ਐਸ.ਸੀ./ਐਸ.ਟੀ. ਐਕਟ, ਭਾਰਤੀ ਨਿਆਂ ਸੰਹਿਤਾ ਦੀਆਂ ਲਾਗੂ ਧਾਰਾਵਾਂ ਅਤੇ ਹੋਰ ਸੰਬੰਧਿਤ ਕਾਨੂੰਨੀ ਪ੍ਰਾਵਧਾਨਾਂ ਤਹਿਤ ਐੱਫ.ਆਈ.ਆਰ. ਦਰਜ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸ਼ਿਕਾਇਤ ਦਾਇਰ ਕਰਵਾਉਣ ਸਮੇਂ ਰਾਜਨ ਮਲਹੋਤਰਾ, ਵਿਨੋਦ ਕਲਿਆਣ, ਗਗਨ ਮਲਿਕ ਅਤੇ ਮੋਹਿਤ ਅਟਵਾਲ ਵੀ ਮੌਜੂਦ ਸਨ।












