
ਲੁਧਿਆਣਾ (ਦ ਸਟੈਲਰ ਨਿਊਜ਼)। ਥਾਣਾ ਡੇਹਲੋਂ ਅਧੀਨ ਗੁਰਦੁਆਰਾ ਬਾਹਰਲਾ ਸਾਹਿਬ ਵਿਖੇ ਚੱਲ ਰਹੇ ਮੀਰੀ ਪੀਰੀ ਸਮਾਗਮ ਦੌਰਾਨ 2 ਨਿਹੰਗ ਸਿੰਘਾਂ ਵਿਚਕਾਰ ਝਗੜਾ ਹੋਣ ਮਗਰੋਂ ਇਕ ਨਿਹੰਗ ਸਿੰਘ ਨੇ ਦੂਜੇ ਨਿਹੰਗ ਸਿੰਘ ਦਾ ਕਿਰਪਾਨ ਨਾਲ ਹਮਲਾ ਕਰ ਕੇ ਕਤਲ ਕਰ ਦਿਤਾ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦਸਿਆ ਕਿ ਮੀਰੀ ਪੀਰੀ ਦਿਵਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਇਸ ਦੌਰਾਨ ਦਲ ਪੰਥ ਨਾਲ ਜੁੜਿਆ ਨਿਹੰਗ ਸਿੰਘ ਸੋਨੂ ਉੱਚੀ ਉੱਚੀ ਗਾਲਾਂ ਕੱਢਦਾ ਹੋਇਆ ਲੰਗਰ ਹਾਲ ਵੱਲ ਜਾ ਰਿਹਾ ਸੀ।
ਉਸ ਦਾ ਰੌਲਾ ਸੁਣ ਕੇ ਜਦ ਬਾਕੀ ਗ੍ਰੰਥੀ ਸਿੰਘ ਮੌਕੇ ’ਤੇ ਪੁੱਜੇ ਤਾਂ ਦਲ ਪੰਥ ਦੇ ਹੀ ਇਕ ਹੋਰ ਨਿਹੰਗ ਸਿੰਘ ਸੋਹਨ ਸਿੰਘ ਨੇ ਗੁੱਸੇ ਵਿਚ ਅਪਣੀ ਕਿਰਪਾਨ ਕੱਢੀ ਅਤੇ ਨਿਹੰਗ ਸੋਨੂ ਦੀ ਗਰਦਨ ’ਤੇ ਜ਼ੋਰਦਾਰ ਵਾਰ ਕਰ ਦਿਤਾ। ਤੇਜ਼ਧਾਰ ਤਲਵਾਰ ਨਾਲ ਗਰਦਨ ਤੇ ਫੱਟ ਲੱਗਣ ਕਾਰਨ ਸੋਨੂ ਗੰਭੀਰ ਰੂਪ ਨਾਲ ਫੱਟੜ ਹੋ ਗਿਆ, ਜਿਸ ਨੂੰ ਇਲਾਜ ਲਈ ਦੁਰਾਹਾ ਸਥਿਤ ਨਿਜੀ ਹਸਪਤਾਲ ਲਿਆਂਦਾ ਗਿਆ।
ਹਸਪਤਾਲ ਪੁੱਜਣ ਤੱਕ ਸੋਨੂ ਦਮ ਤੋੜ ਗਿਆ। ਇੰਸਪੈਕਟਰ ਵਿਜੇ ਕੁਮਾਰ ਅਨੁਸਾਰ ਮੌਕੇ ਤੋਂ ਸਬੂਤ ਇਕੱਠੇ ਕਰ ਕੇ ਸ਼ੁਰੂਆਤੀ ਪੜਤਾਲ ਦੌਰਾਨ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।












