Tuesday, October 20, 2026
Home Chandigarh ਮੋਹਾਲੀ ‘ਚ ਗ਼ੈਰ-ਕਾਨੂੰਨੀ ਮਾਈਨਿੰਗ ਤੇ ਵੱਡਾ ਐਕਸ਼ਨ, 6 ਸਾਈਟਾਂ ਤੇ ਕਾਰਵਾਈ

ਮੋਹਾਲੀ ‘ਚ ਗ਼ੈਰ-ਕਾਨੂੰਨੀ ਮਾਈਨਿੰਗ ਤੇ ਵੱਡਾ ਐਕਸ਼ਨ, 6 ਸਾਈਟਾਂ ਤੇ ਕਾਰਵਾਈ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਅਜੇ ਵੀ ਵੱਡੇ ਪੱਧਰ ’ਤੇ ਜਾਰੀ ਹੋਣ ਦਾ ਖ਼ੁਲਾਸਾ ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਦੀ ਤਾਜ਼ਾ ਕਾਰਵਾਈ ਨਾਲ ਹੋਇਆ ਹੈ। ਵਿਭਾਗ ਨੇ ਇਕੱਲੇ ਜੁਲਾਈ 2026 ਦੌਰਾਨ 6 ਨਵੀਆਂ ਗ਼ੈਰ-ਅਧਿਕਾਰਤ ਖੁਦਾਈ ਵਾਲੀਆਂ ਸਾਈਟਾਂ ਦੀ ਪਛਾਣ ਕਰਦਿਆਂ 12.79 ਲੱਖ ਘਣ ਫ਼ੁਟ ਤੋਂ ਵੱਧ ਗ਼ੈਰ-ਕਾਨੂੰਨੀ ਖੁਦਾਈ ਬੇਨਕਾਬ ਕੀਤੀ ਹੈ।

Advertisements

ਇਸ ਦੇ ਨਾਲ ਹੀ ਕਈ ਥਾਵਾਂ ’ਤੇ FIR ਦਰਜ ਕਰਵਾ ਕੇ ਅਪਰਾਧਕ ਕਾਰਵਾਈ ਵੀ ਸ਼ੁਰੂ ਕਰ ਦਿਤੀ ਗਈ ਹੈ। ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਤੇਜ ਸਿੰਘ ਗਰਚਾ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਜਾਂਚ ਦੌਰਾਨ ਖੇੜੀ ਜੱਟਾਂ, ਮੁਕੰਦਪੁਰ, ਹੈਬਤਪੁਰ, ਬਿਜਨਪੁਰ, ਡੇਰਾਬੱਸੀ ਖੇਤਰ ਦੀ ਇਕ ਹੋਰ ਸਾਈਟ ਅਤੇ ਰਾਮਪੁਰ ਸੈਣੀਆਂ ’ਚ ਵੱਡੇ ਪੱਧਰ ’ਤੇ ਖੁਦਾਈ ਪਾਈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਸਥਾਨ ਲਈ ਵਿਭਾਗ ਵਲੋਂ ਨਾ ਤਾਂ ਮਾਈਨਿੰਗ ਲੀਜ਼ ਦਿਤੀ ਗਈ ਸੀ ਅਤੇ ਨਾ ਹੀ ਮਿੱਟੀ ਜਾਂ ਹੋਰ ਛੋਟੇ ਖਣਿਜਾਂ ਦੀ ਖੁਦਾਈ ਲਈ ਕੋਈ ਪਰਮਟ ਜਾਰੀ ਕੀਤਾ ਗਿਆ ਸੀ।

ਵਿਭਾਗ ਅਨੁਸਾਰ ਇਨ੍ਹਾਂ 6 ਸਾਈਟਾਂ ਵਿੱਚੋਂ ਇਕ ਥਾਂ ’ਤੇ ਹੀ ਲਗਭਗ 6.55 ਲੱਖ ਘਣ ਫ਼ੁਟ ਖੁਦਾਈ ਦਰਜ ਕੀਤੀ ਗਈ, ਜਦਕਿ ਕੁੱਲ ਗ਼ੈਰ-ਕਾਨੂੰਨੀ ਖੁਦਾਈ ਦਾ ਅੰਕੜਾ 12.79 ਲੱਖ ਘਣ ਫ਼ੁਟ ਤੋਂ ਪਾਰ ਚਲਾ ਗਿਆ। ਸਾਰੀਆਂ ਸਾਈਟਾਂ ਦੇ JPS ਕੋਆਰਡੀਨੇਟ ਦਰਜ ਕਰ ਕੇ ਰੀਕਾਰਡ ਦਾ ਹਿੱਸਾ ਬਣਾਏ ਗਏ ਹਨ, ਤਾਂ ਜੋ ਅਗਲੀ ਕਾਰਵਾਈ ਦੌਰਾਨ ਸਬੂਤ ਵਜੋਂ ਵਰਤੇ ਜਾ ਸਕਣ।

ਵਿਭਾਗ ਨੇ ਇਸ ਮਹੀਨੇ ਸਿਰਫ਼ ਨਵੀਆਂ ਸਾਈਟਾਂ ਹੀ ਨਹੀਂ ਫੜੀਆਂ, ਸਗੋਂ ਪਹਿਲਾਂ ਸਾਹਮਣੇ ਆਏ ਵੱਡੇ ਮਾਮਲਿਆਂ ’ਚ ਵੀ ਕਾਨੂੰਨੀ ਕਾਰਵਾਈ ਤੇਜ਼ ਕੀਤੀ ਹੈ। ਹੰਡੇਸਰਾ ਦੇ ਟਾਂਗਰੀ ਦਰਿਆ ਖੇਤਰ ਵਿੱਚ ਕਰੀਬ 40.50 ਲੱਖ ਘਣ ਫ਼ੁਟ ਮਿੱਟੀ ਦੀ ਗ਼ੈਰ-ਕਾਨੂੰਨੀ ਖੁਦਾਈ ਦੇ ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਡੇਰਾਬੱਸੀ, ਬਿਜਨਪੁਰ, ਪੀਰ ਮੁੱਛੱਲਾ ਅਤੇ ਘਡੋਲੀ ’ਚ ਵੀ ਵੱਖ-ਵੱਖ ਮਾਮਲੇ ਦਰਜ ਕਰ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਬਿਜਨਪੁਰ ਵਿੱਚ ਜਾਂਚ ਦੌਰਾਨ ਵਿਭਾਗ ਦੀ ਟੀਮ ਨੇ ਇਕ ਜੇ.ਸੀ.ਬੀ. ਮਸ਼ੀਨ ਨੂੰ ਗ਼ੈਰ-ਕਾਨੂੰਨੀ ਖੁਦਾਈ ਕਰਦੇ ਰੰਗੇ ਹੱਥੀਂ ਦੇਖਿਆ ਪਰ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਚਾਲਕ ਮਸ਼ੀਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕਰਵਾ ਦਿਤਾ ਗਿਆ ਹੈ। ਉੱਥੇ ਹੀ ਪੀਰ ਮੁੱਛੱਲਾ ਨੇੜੇ ਘੱਗਰ ਦਰਿਆ ਵਿੱਚੋਂ ਕਥਿਤ ਤੌਰ ’ਤੇ ਬਜਰੀ ਦੀ ਗ਼ੈਰ-ਕਾਨੂੰਨੀ ਖੁਦਾਈ ਸਬੰਧੀ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here