
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ, ਈਥਾਨੌਲ ਅਤੇ ਈ-20 ਪੈਟਰੋਲ ਸੰਬੰਧੀ ਇੱਕ ਮਤਾ ਪਾਸ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਸਟੱਡੀ ਜਾਂ ਮਾਹਰ ਸਲਾਹ ਦੇ ਇਹ ਲੋਕਾਂ ‘ਤੇ ਥੋਪ ਦਿੱਤਾ ਹੈ। ਈਥਾਨੌਲ ਹੁਣ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਦਰਾਮਦ ਕੀਤੇ ਜਾਣ ਦੀ ਉਮੀਦ ਹੈ, ਕਿਉਂਕਿ ਵਪਾਰ ਸਮਝੌਤੇ ਵਿੱਚ ਇਸ ‘ਤੇ ਸਹਿਮਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਕੋਲ ਕਿਹੜੀ ਸੀਡੀ ਜਾਂ ਫਾਈਲ ਹੈ, ਕੋਈ ਵੀ ਗੱਲ ਉਸ ਨੇ ਕਰਵਾਉਣੀ ਹੋਵੇ, ਇੱਕ ਮਿੰਟ ਵਿਚ ਮੋਦੀ ਸਾਹਿਬ ਉਸ ਨੂੰ ਮੰਨ ਲੈਂਦੇ ਨੇ। ਦੇਸ਼ ਦੀ ਬਾਂਹ ਮਰੋੜ ਕੇ ਕੰਮ ਕਰਾਉਣਾ ਦਾ ਤਰੀਕਾ ਪਹਿਲੀ ਵਾਰ ਵੇਖਿਆ। ਸਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਤੇਲ ਕਿੱਥੋਂ ਖਰੀਦਣਾ ਹੈ। ਉਨ੍ਹਾਂ ਨੇ 17-18 ਵਾਰ ਕਿਹਾ ਹੈ ਕਿ ਉਨ੍ਹਾਂ ਨੇ ਜੰਗ ਰੋਕ ਦਿੱਤੀ। ਉਹ ਦਾਅਵਾ ਕਰਦੇ ਹਨ ਕਿ ਉਹ ਜਿੱਤ ਗਏ। ਟਰੰਪ ਅੱਗੇ ਗੋਡੇ ਟੇਕ ਦਿੱਤੇ। ਦੋ ਦਿਨ ਪਹਿਲਾਂ ਉਸ ਦਾ ਟਵੀਟ ਆ ਜਾਂਦਾ ਏ ਕਿ ਭਾਰਤ ਲਈ ਕਿਹੜੇ ਫੈਸਲੇ ਆ ਗਏ। ਸਾਡੇ ਵਾਲੇ ਦੋ ਘੰਟੇ ਪਿੱਛੋਂ ਦੱਸਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਨੇ। ਲੋਕਲ ਸੰਸਥਾ ਨੇ ਦੇਸ਼ ਦੇ 45,000 ਵਾਹਨਾਂ ਦਾ ਸਰਵੇ ਕੀਤਾ, E20 ਪੈਟਰੋਲ ਨਾਲ 67 ਫ਼ੀਸਦੀ ਵਾਹਨਾਂ ਦੀ ਮਾਇਲਜ਼ ਘਟੀ ਤੇ 47 ਫ਼ੀਸਦੀ ਵਾਹਨਾਂ ਦੇ ਇੰਜਣ ਖਰਾਬ ਹੋਏ ਹਨ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਸ਼ੁੱਧ ਜਾਂ E20 ‘ਚੋਂ ਕੋਈ ਚੁਣਨ ਦਾ ਇੱਕ ਦਾ ਹੱਕ ਮਿਲਣਾ ਚਾਹੀਦਾ ਹੈ।

E20 ਪੈਟਰੋਲ ਦੀਆਂ ਕੀਮਤਾਂ ਘਟਾਈਆਂ ਜਾਣੀਆਂ ਚਾਹੀਦੀਆਂ ਹਨ। ਪੈਟਰੋਲ ਦੀਆਂ ਵੱਧ ਕੀਮਤਾਂ ਨਾਲ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਕੇਂਦਰ ਸਰਕਾਰ ਦਬਾਅ ਹੇਠ ਜ਼ਬਰੀ ਫੈਸਲਾ ਲਾਗੂ ਕਰ ਰਹੀ ਹੈ, ਸਾਡੀ ਮੰਗ ਹੈ ਕਿ ਇਸ ਫ਼ੈਸਲੇ ਨੂੰ ਤੁਰੰਤ ਖਤਮ ਕੀਤਾ ਜਾਵੇ। 2030 ਤੱਕ ਇਸ ਨੂੰ ਲਾਗੂ ਕਰਨਾ ਸੀ ਪਰ ਹੁਣ 2026 ਵਿਚ ਹੀ ਲਾਗੂ ਕੀਤਾ ਜਾ ਰਿਹਾ ਹੈ। ਸਦਨ ਪੈਟਰੋਲ ਵਿਚ ਇਥੇਨਾਲ ਮਿਸ਼ਰਣ ਦੀ ਜ਼ਿਆਦਾ ਮਾਤਰਾ ਵਿਚ ਇਜਾਜ਼ਤ ਦੀ ਨਿੰਦਾ ਕਰਦਾ ਹੈ। ਸੂਬਾ ਸਰਕਾਰਾਂ ਤੇ ਹਿੱਸੇਦਾਰਾਂ ਤੋਂ ਇਸ ਦੀ ਇਜਾਜ਼ਤ ਲੈਣੀ ਚਾਹੀਦੀ ਸੀ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਨੂੰ ਉਨ੍ਹਾਂ ਦੇ ਵਿਚਾਰ ਲਈ ਕਾਪੀ ਭੇਜੀ ਜਾਵੇਗੀ। ਇਸ ਤੋਂ ਪਹਿਲਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਸਤਾਵ ਪੇਸ਼ ਕਰਦੇ ਹੋਏ, ਈ-20 ਦੀਆਂ ਖਾਮੀਆਂ ਵੱਲ ਇਸ਼ਾਰਾ ਕੀਤਾ ਅਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ। ਕਿਸੇ ਦਾ ਨਾਮ ਲਏ ਬਿਨਾਂ, ਉਨ੍ਹਾਂ ਕਿਹਾ ਕਿ ਈਥਾਨੌਲ ਨਿਰਮਾਤਾ ਵੀ ਸਦਨ ਵਿੱਚ ਹਨ। ਰਾਣਾ ਗੁਰਜੀਤ ਸਿੰਘ ਨੇ ਜਵਾਬ ਦਿੱਤਾ, “ਮੈਂ ਇੱਕ ਕਰਮਯੋਗੀ ਹਾਂ, ਡਾਕੂ ਨਹੀਂ।” ਉਨ੍ਹਾਂ ਅੱਗੇ ਕਿਹਾ, “ਮੈਂ ਪਹਿਲਾਂ ਧਾਗਾ ਬਣਾਉਂਦਾ ਸੀ, ਫਿਰ ਮੈਂ ਖੰਡ ਬਣਾਉਣਾ ਸ਼ੁਰੂ ਕੀਤਾ, ਅਤੇ ਹੁਣ ਮੈਂ ਈਥਾਨੌਲ ਬਣਾ ਰਿਹਾ ਹਾਂ। ਮੈਂ ਕੁਝ ਹੋਰ ਵੀ ਬਣਾਵਾਂਗਾ। ਮੈਨੂੰ ਨੁਕਸਾਨ ਹੋਣ ਦੀ ਚਿੰਤਾ ਨਾ ਕਰੋ।”












