
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਘੁੰਮਣ ਨਗਰ ਵਿੱਚ ਮਹਿਲਾ ’ਤੇ ਪਿੱਟਬੁੱਲ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਨੰਬਰ 137 ਦਰਜ ਕੀਤੀ ਹੈ। ਪੁਲਿਸ ਨੇ ਇਹ ਮਾਮਲਾ BNS ਦੀ ਧਾਰਾ 291 ਅਤੇ 125 ਤਹਿਤ ਦਰਜ ਕੀਤਾ ਹੈ। ਪੁਲਿਸ ਮੁਤਾਬਕ ਐਫਆਈਆਰ ਵਿੱਚ ਇਸ ਸਮੇਂ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਵਾਲਾ ਕੁੱਤਾ ਘੁੰਮਣ ਨਗਰ ਦੇ ਜਿਸ ਘਰ ਵਿੱਚੋਂ ਨਿਕਲਿਆ ਸੀ, ਐਫਆਈਆਰ ਵਿੱਚ ਉਸੇ ਘਰ ਦਾ ਹਾਊਸ ਨੰਬਰ ਦਰਜ ਕੀਤਾ ਗਿਆ ਹੈ, ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਕੁੱਤਾ ਅਸਲ ਵਿੱਚ ਕਿਸ ਵਿਅਕਤੀ ਦਾ ਹੈ। ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪਿੱਟਬੁੱਲ ਦਾ ਅਸਲ ਮਾਲਕ ਕੌਣ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ 15 ਅਗਸਤ ਦੀਆਂ ਡਿਊਟੀਆਂ ਕਾਰਨ ਕੁਝ ਦੇਰ ਨਾਲ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ। ਦੱਸ ਦਈਏ ਕਿ ਬੀਤੇ ਦਿਨ ਇੱਕ ਪਿਟਬੁੱਲ ਕੁੱਤਾ ਅਚਾਨਕ ਇੱਕ ਪਤੀ-ਪਤਨੀ ‘ਤੇ ਹਮਲਾ ਕਰ ਦਿੰਦਾ ਹੈ ਜੋ ਘਰ ਦੇਖਣ ਲਈ ਆਪਣੇ ਇਕ ਮਕਾਨ ਦੇ ਬਾਹਰ ਖੜ੍ਹੇ ਸੀ। ਪਿਟਬੁੱਲ ਪਹਿਲਾਂ ਔਰਤ ‘ਤੇ ਹਮਲਾ ਕਰਦਾ ਹੈ। ਜਦੋਂ ਪਤੀ ਔਰਤ ਨੂੰ ਬਚਾਉਣ ਲਈ ਆਉਂਦਾ ਹੈ, ਤਾਂ ਇਹ ਉਸ ‘ਤੇ ਵੀ ਹਮਲਾ ਕਰ ਦਿੰਦਾ ਹੈ। ਇਸ ਘਟਨਾ ਦੀ ਵੀਡੀਓ ਕਾਫ਼ੀ ਡਰਾਉਣੀ ਹੈ। ਉੱਥੇ ਮੌਜੂਦ ਲੋਕ ਪਿਟਬੁੱਲ ਨੂੰ ਭਜਾਉਣ ਲਈ ਕਈ ਵਾਰ ਹਮਲਾ ਕੀਤਾ, ਪਰ ਪਿਟਬੁੱਲ ਫਿਰ ਵੀ ਉਨ੍ਹਾਂ ਨੂੰ ਨਹੀਂ ਛੱਡਦਾ। ਇਹ ਲਗਭਗ ਇੱਕ ਮਿੰਟ ਅਤੇ 15 ਸਕਿੰਟਾਂ ਤੱਕ ਦੋਵਾਂ ‘ਤੇ ਹਮਲਾ ਕਰਦਾ ਰਹਿੰਦਾ ਹੈ। ਇਸ ਦੌਰਾਨ, ਪਿਟਬੁੱਲ ਜੋੜੇ ਨੂੰ ਤਕਰੀਬਨ 26 ਵਾਰ ਕੱਟਦਾ ਦਿਖਾਈ ਦਿੱਤਾ ਹੈ।












