Monday, November 16, 2026
Home Chandigarh ਛਠ ਪੂਜਾ ਦਾ ਪ੍ਰਸ਼ਾਦ ਜੂਠਾ ਕਰਨ ’ਤੇ ਮਾਂ ਨੇ ਮਾਸੂਮ ਧੀ ਨੂੰ ਉਤਾਰਿਆ...

ਛਠ ਪੂਜਾ ਦਾ ਪ੍ਰਸ਼ਾਦ ਜੂਠਾ ਕਰਨ ’ਤੇ ਮਾਂ ਨੇ ਮਾਸੂਮ ਧੀ ਨੂੰ ਉਤਾਰਿਆ ਮੌਤ ਦੀ ਘਾਟ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਬਿਹਾਰ ਦੇ ਸਮਸਤੀਪੁਰ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸਮਸਤੀਪੁਰ ਜ਼ਿਲ੍ਹੇ ਦੇ ਪੂਸਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੁਹੰਮਦਪੁਰ ਬਿਰੌਲੀ ਵਿੱਚ ਇੱਕ ਮਾਂ ਨੇ ਆਪਣੀ ਹੀ 4 ਸਾਲ ਦੀ ਮਾਸੂਮ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੀ ਨੇ ਛਠ ਪੂਜਾ ਦੇ ਪ੍ਰਸ਼ਾਦ ਲਈ ਬਣ ਰਹੇ ਪਕਵਾਨ ਨੂੰ ਜੂਠਾ ਕਰ ਦਿੱਤਾ ਸੀ। ਇਸੇ ਗੱਲ ਤੋਂ ਭੜਕੀ ਮਾਂ ਨੇ ਆਪਣਾ ਆਪਾ ਖੋ ਦਿੱਤਾ ਅਤੇ ਬੱਚੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਮਾਂ ਰੀਨਾ ਕੁਮਾਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਬੱਚੀ ਦੀ ਪਹਿਚਾਣ ਵਾਰਡ ਨੰਬਰ 12 ਦੇ ਵਸਨੀਕ ਰਾਜੂ ਪਾਸਵਾਨ ਦੀ ਪੁੱਤਰੀ ਸੁਹਾਨੀ ਕੁਮਾਰੀ ਵਜੋਂ ਹੋਈ ਹੈ।

Advertisements

ਬੱਚੀ ਦੇ ਪਿਤਾ ਰਾਜੂ ਪਾਸਵਾਨ ਨੇ ਪੁਲਿਸ ਨੂੰ ਦੱਸਿਆ ਕਿ ਛਠ ਪੂਜਾ ਦੇ ਮੱਦੇਨਜ਼ਰ ਪਰਿਵਾਰ ਦੇ ਬਾਕੀ ਮੈਂਬਰ ਘਰ ਦੇ ਨੇੜੇ ਘਾਟ ਤਿਆਰ ਕਰਨ ਗਏ ਹੋਏ ਸਨ, ਜਦਕਿ ਉਨ੍ਹਾਂ ਦੀ ਪਤਨੀ ਰੀਨਾ ਕੁਮਾਰੀ ਘਰ ਵਿੱਚ ਪੂਜਾ ਲਈ ਪ੍ਰਸ਼ਾਦ ਤਿਆਰ ਕਰ ਰਹੀ ਸੀ। ਇਸੇ ਦੌਰਾਨ 4 ਸਾਲਾ ਸੁਹਾਨੀ ਨੇ ਪਕਵਾਨ ਜੂਠਾ ਕਰ ਦਿੱਤਾ। ਇਸ ਗੱਲ ਤੋਂ ਭੜਕੀ ਰੀਨਾ ਨੇ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਕੁਝ ਹੀ ਦੇਰ ਵਿੱਚ ਸੁਹਾਨੀ ਦੀ ਹਾਲਤ ਵਿਗੜ ਗਈ। ਜਦੋਂ ਉਸ ਨੂੰ ਇਲਾਜ ਲਈ ਇੱਕ ਨਿੱਜੀ ਨਰਸਿੰਗ ਹੋਮ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦਰਦਨਾਕ ਘਟਨਾ ਤੋਂ ਬਾਅਦ ਘਰ ਵਿੱਚ ਚੱਲ ਰਹੀਆਂ ਛਠ ਪੂਜਾ ਦੀਆਂ ਖੁਸ਼ੀਆਂ ਪਲਾਂ ਵਿੱਚ ਹੀ ਮਾਤਮ ਵਿੱਚ ਬਦਲ ਗਈਆਂ। ਆਪਣੀ ਮਾਸੂਮ ਧੀ ਦੀ ਮੌਤ ’ਤੇ ਵਿਰਲਾਪ ਕਰਦਿਆਂ ਪਿਤਾ ਰਾਜੂ ਪਾਸਵਾਨ ਨੇ ਕਿਹਾ ਕਿ ਅਜਿਹੀ ਪੂਜਾ ਦਾ ਕੀ ਫਾਇਦਾ, ਜਦੋਂ ਉਨ੍ਹਾਂ ਦੀ ਧੀ ਹੀ ਇਸ ਦੁਨੀਆ ਵਿੱਚ ਨਹੀਂ ਰਹੀ। ਉਨ੍ਹਾਂ ਪਤਨੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੇ ਬਾਕੀ 2 ਬੱਚਿਆਂ, 7 ਸਾਲਾ ਧੀ ਸ਼ਿਵਾਨੀ ਅਤੇ ਡੇਢ ਸਾਲਾ ਪੁੱਤਰ ਰਾਜਾ ਕੁਮਾਰ ਦਾ ਪਾਲਣ-ਪੋਸ਼ਣ ਇਕੱਲੇ ਹੀ ਕਰ ਲੈਣਗੇ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਸਾ ਥਾਣਾ ਮੁਖੀ ਰਮੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦੀ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ

LEAVE A REPLY

Please enter your comment!
Please enter your name here