
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਸੇਬਲਡ ਪਰਸਨਜ਼ ਵੈਲਫੇਅਰ ਸੁਸਾਇਟੀ (ਰਜਿ.) ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਇੰਟਰਸਟੇਟ ਬਲਾਇੰਡ T-20 ਕ੍ਰਿਕਟ ਟੂਰਨਾਮੈਂਟ ਦੇ ਦੂਜੇ ਦਿਨ ਦੋ ਰੋਮਾਂਚਕ ਮੁਕਾਬਲੇ ਖੇਡੇ ਗਏ। ਪਹਿਲੇ ਮੈਚ ਵਿੱਚ ਪੰਜਾਬ ਦੀ ਟੀਮ ਨੇ ਮਹਾਰਾਸ਼ਟਰ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ, ਜਦਕਿ ਦੂਜੇ ਮੁਕਾਬਲੇ ਵਿੱਚ ਮਹਾਰਾਸ਼ਟਰ ਨੇ ਮੱਧ ਪ੍ਰਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਰਾਜਕੁਮਾਰ ਨੇ ਦੱਸਿਆ ਕਿ
ਪਹਿਲੇ ਮੈਚ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਮਹਾਰਾਸ਼ਟਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮਹਾਰਾਸ਼ਟਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 117 ਦੌੜਾਂ ਬਣਾਈਆਂ। ਮਹਾਰਾਸ਼ਟਰ ਵੱਲੋਂ ਨਿਲੇਸ਼ ਨੇ ਸਭ ਤੋਂ ਵੱਧ 27 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸੂਰਜ ਤਿਵਾੜੀ ਨੇ 4 ਓਵਰਾਂ ਵਿੱਚ 29 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
118 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਇਹ ਟੀਚਾ ਮਹਿਜ਼ 15 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪੰਜਾਬ ਵੱਲੋਂ ਅਕਸ਼ੈ ਨੇ 50 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਦਕਿ ਸੂਰਜ ਤਿਵਾੜੀ ਨੇ 38 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸੂਰਜ ਤਿਵਾੜੀ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਉਨ੍ਹਾਂ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਦੁਪਹਿਰ ਸਮੇਂ ਖੇਡੇ ਗਏ ਦੂਜੇ ਮੈਚ ਵਿੱਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਮਹਾਰਾਸ਼ਟਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੱਧ ਪ੍ਰਦੇਸ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੇ ਨਿਰਧਾਰਤ ਓਵਰਾਂ ਵਿੱਚ 119 ਦੌੜਾਂ ਬਣਾਈਆਂ ਅਤੇ ਪੂਰੀ ਟੀਮ ਆਲ ਆਊਟ ਹੋ ਗਈ। ਮੱਧ ਪ੍ਰਦੇਸ਼ ਵੱਲੋਂ ਰਵੀਕਾਂਤ ਨੇ 22 ਅਤੇ ਮੌਸਮ ਖਾਨ ਨੇ 20 ਦੌੜਾਂ ਬਣਾਈਆਂ। ਮਹਾਰਾਸ਼ਟਰ ਵੱਲੋਂ ਵਿਜੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ।
120 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮਹਾਰਾਸ਼ਟਰ ਦੀ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ 14 ਓਵਰਾਂ ਵਿੱਚ ਸਿਰਫ਼ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਮਹਾਰਾਸ਼ਟਰ ਵੱਲੋਂ ਰਾਜਕੁਮਾਰ ਦੁਰਗੇ ਨੇ 36 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਦਕਿ ਪ੍ਰਵੀਨ ਸਾਂਵਲੇ ਨੇ 22 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਰਾਜਕੁਮਾਰ ਦੁਰਗੇ ਨੂੰ 36 ਦੌੜਾਂ ਬਣਾਉਣ ਅਤੇ ਇੱਕ ਵਿਕਟ ਹਾਸਲ ਕਰਨ ਬਦਲੇ ਮੈਨ ਆਫ ਦਾ ਮੈਚ ਐਲਾਨਿਆ ਗਿਆ।
ਪ੍ਰਮੁੱਖ ਸ਼ਖ਼ਸੀਅਤਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ
ਇਸ ਤੋਂ ਪਹਿਲਾਂ ਸਵੇਰੇ ਟੂਰਨਾਮੈਂਟ ਦੇ ਦੂਜੇ ਦਿਨ ਦੀ ਸ਼ੁਰੂਆਤ ਟ੍ਰਿਪਲ ਐਮ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. ਮਨੋਜ ਕਪੂਰ ਵੱਲੋਂ ਕੀਤੀ ਗਈ। ਇਸ ਮੌਕੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ‘ਤੇ ਮਿਲਣ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਅੱਗੇ ਵਧਣ ਅਤੇ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਇੰਸਪੈਕਟਰ ਮੇਜਰ ਸਿੰਘ, ਇੰਸਪੈਕਟਰ ਵਿਨੋਦ ਕੁਮਾਰ ਅਤੇ ਰੋਟਰੀ ਆਈ ਬੈਂਕ ਦੇ ਚੇਅਰਮੈਨ ਜੇ.ਬੀ. ਬਹਿਲ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਟੂਰਨਾਮੈਂਟ ਦੌਰਾਨ ਸੁਸਾਇਟੀ ਦੇ ਮੈਂਬਰਾਂ ਨੀਲਮ ਰਾਣੀ, ਸੁਖਵਿੰਦਰ ਸਿੰਘ, ਡਾ. ਕੇਵਲ ਕ੍ਰਿਸ਼ਨ ਤੱਖੀ, ਸੁਦਾਮ ਹੁਸੈਨ ਅਤੇ ਮੁਹੰਮਦ ਆਜ਼ਮ ਵੱਲੋਂ ਲਗਾਤਾਰ ਕਮੈਂਟਰੀ ਕਰਕੇ ਖੇਡ ਮੈਦਾਨ ਵਿੱਚ ਖਿਡਾਰੀਆਂ ਅਤੇ ਦਰਸ਼ਕਾਂ ਦਾ ਉਤਸ਼ਾਹ ਵਧਾਇਆ ਗਿਆ।
ਕੱਲ੍ਹ ਹੋਵੇਗਾ ਖਿਤਾਬੀ ਮੁਕਾਬਲਾ
ਟੂਰਨਾਮੈਂਟ ਦੇ ਆਖਰੀ ਦਿਨ ਕੱਲ੍ਹ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ, ਜਿਸ ਨੂੰ ਲੈ ਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।













