Saturday, November 21, 2026
Home Crime ਗ੍ਰੀਸ ‘ਚ 2 ਸਕੇ ਭਰਾਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਮੇ ‘ਤੇ...

ਗ੍ਰੀਸ ‘ਚ 2 ਸਕੇ ਭਰਾਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਮੇ ‘ਤੇ ਕਤਲ ਦਾ ਆਰੋਪ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਸ਼ਾਹਕੋਟ ਅਧੀਨ ਪੈਂਦੇ ਪਿੰਡ ਤਲਵੰਡੀ ਸੰਘੇੜਾ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਦੇਸ਼ੀ ਧਰਤੀ ‘ਤੇ 2 ਸਕੇ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਹਿਚਾਣ 26 ਸਾਲਾ ਦਲਜੀਤ ਸਿੰਘ ਅਤੇ 23 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਦੋਵੇਂ ਭਰਾ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਗ੍ਰੀਸ ਗਏ ਸਨ, ਪਰ ਕਿਸੇ ਨੂੰ ਕੀ ਪਤਾ ਸੀ ਕਿ ਉੱਥੇ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਜਾਣਕਾਰੀ ਅਨੁਸਾਰ, 3 ਨਵੰਬਰ ਨੂੰ ਗ੍ਰੀਸ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ ਨੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ, ਕਿਉਂਕਿ ਕਤਲ ਦੇ ਆਰੋਪ ਕਿਸੇ ਬਾਹਰੀ ਵਿਅਕਤੀ ‘ਤੇ ਨਹੀਂ, ਸਗੋਂ ਉਨ੍ਹਾਂ ਦੇ ਹੀ ਦੂਰ ਦੇ ਰਿਸ਼ਤੇਦਾਰ ਸੰਦੀਪ ਸਿੰਘ ‘ਤੇ ਲੱਗੇ ਹਨ, ਜੋ ਰਿਸ਼ਤੇ ਵਿੱਚ ਦੋਵਾਂ ਭਰਾਵਾਂ ਦਾ ਮਾਮਾ ਲੱਗਦਾ ਹੈ।

Advertisements

ਮ੍ਰਿਤਕਾਂ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ ਤੇ ਉਨ੍ਹਾਂ ਦੇ 3 ਪੁੱਤਰ ਹਨ। ਕਰੀਬ 8 ਮਹੀਨੇ ਪਹਿਲਾਂ ਜਲੰਧਰ ਦੇ ਗੁਮਟਾਲੀ ਵਾਸੀ ਦੂਰ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਵੱਡੇ ਪੁੱਤਰ ਦਲਜੀਤ ਸਿੰਘ ਨੂੰ ਵਰਕ ਪਰਮਿਟ ‘ਤੇ ਗ੍ਰੀਸ ਭੇਜਣ ਦਾ ਪ੍ਰਸਤਾਵ ਦਿੱਤਾ ਸੀ। ਪਰਿਵਾਰ ਨੇ ਕਰਜ਼ਾ ਲੈ ਕੇ ਦਲਜੀਤ ਨੂੰ ਵਿਦੇਸ਼ ਭੇਜਿਆ। ਗ੍ਰੀਸ ਪਹੁੰਚਣ ਤੋਂ ਕਰੀਬ 5 ਮਹੀਨੇ ਬਾਅਦ ਦਲਜੀਤ ਨੇ ਆਪਣੇ ਛੋਟੇ ਭਰਾ ਗੁਰਵਿੰਦਰ ਸਿੰਘ ਨੂੰ ਵੀ ਉੱਥੇ ਬੁਲਾ ਲਿਆ। ਗੁਰਵਿੰਦਰ ਕਰੀਬ 3 ਮਹੀਨੇ ਪਹਿਲਾਂ ਹੀ ਗ੍ਰੀਸ ਪਹੁੰਚਿਆ ਸੀ। ਜਾਣਕਾਰੀ ਅਨੁਸਾਰ ਗ੍ਰੀਸ ਵਿੱਚ ਦੋਵੇਂ ਭਰਾ ਇੱਕ ਪਿਗ ਫਾਰਮ ਵਿੱਚ ਕੰਮ ਕਰਦੇ ਸਨ। ਪਰਿਵਾਰ ਨੂੰ ਉਮੀਦ ਸੀ ਕਿ ਦੋਵੇਂ ਪੁੱਤਰ ਮਿਹਨਤ ਕਰਕੇ ਘਰ ਦੀ ਆਰਥਿਕ ਹਾਲਤ ਸੁਧਾਰਨਗੇ।

ਇਸ ਦੌਰਾਨ 3 ਨਵੰਬਰ ਨੂੰ ਦੋਵਾਂ ਭਰਾਵਾਂ ‘ਤੇ ਵੱਖ-ਵੱਖ ਥਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੇ ਪਿਤਾ ਬੂਟਾ ਸਿੰਘ ਨੇ ਆਰੋਪ ਲਾਇਆ ਹੈ ਕਿ ਇਸ ਵਾਰਦਾਤ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਅੰਜਾਮ ਦਿੱਤਾ ਤੇ ਉਸ ਨੇ ਕਤਲ ਦੀ ਵੀਡੀਓ ਵੀ ਬਣਾਈ ਸੀ। ਦੋਵਾਂ ਭਰਾਵਾਂ ਦੇ ਕਤਲ ਦੇ ਮਾਮਲੇ ਵਿੱਚ ਗ੍ਰੀਸ ਪੁਲਿਸ ਵੱਲੋਂ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਪਰਿਵਾਰ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਿਤਾ ਬੂਟਾ ਸਿੰਘ, ਮਾਤਾ ਬਲਜਿੰਦਰ ਕੌਰ ਤੇ ਵੱਡੇ ਭਰਾ ਸੁਪਿੰਦਰ ਸਿੰਘ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਇਸ ਕਤਲ ਕਾਂਡ ‘ਚ ਸ਼ਾਮਲ ਸਾਰੇ ਆਰੋਪੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇ।

LEAVE A REPLY

Please enter your comment!
Please enter your name here