
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਸੇਬਲਡ ਪਰਸਨਜ਼ ਵੈਲਫੇਅਰ ਸੋਸਾਇਟੀ (DPWS) ਰਜਿ. ਹੁਸ਼ਿਆਰਪੁਰ ਵੱਲੋਂ ਕਰਵਾਏ ਗਏ ਪੰਜਵੇਂ ਇੰਟਰਸਟੇਟ ਬਲਾਇੰਡ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਾਰਾਸ਼ਟਰ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਟਰਾਫੀ ਆਪਣੇ ਨਾਮ ਕਰ ਲਈ। ਇਸ ਜਿੱਤ ਨਾਲ ਪੰਜਾਬ ਦੇ ਸਿਰ ਟੂਰਨਾਮੈਂਟ ਦਾ ਚੈਂਪੀਅਨ ਬਣਨ ਦਾ ਤਾਜ ਸਜਿਆ। ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਮਹਾਰਾਸ਼ਟਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਮਹਾਰਾਸ਼ਟਰ ਦੀ ਟੀਮ ਨੇ ਨਿਰਧਾਰਤ ਪਾਰੀ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 140 ਦੌੜਾਂ ਬਣਾਈਆਂ ਮਹਾਰਾਸ਼ਟਰ ਵੱਲੋਂ ਰੋਹਿਤ ਕਾਮੜੇ ਨੇ 40 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ, ਜਦਕਿ ਨਿਲੇਸ਼ ਨੇ 32 ਅਤੇ ਪ੍ਰਵੀਨ ਸਾਮਲੇ ਨੇ 21 ਦੌੜਾਂ ਬਣਾ ਕੇ ਨਾਬਾਦ ਰਹੇ। ਪੰਜਾਬ ਵੱਲੋਂ ਗੇਂਦਬਾਜ਼ੀ ਕਰਦਿਆਂ ਸੂਰਜ ਤਿਵਾੜੀ, ਕਪਿਲ ਅਤੇ ਜਤਿੰਦਰ ਕੁਮਾਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। 141 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਸਿਰਫ਼ 15 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ ਅਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪੰਜਾਬ ਵੱਲੋਂ ਅਕਸ਼ੇ ਕੁਮਾਰ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਰਜਤ ਨੇ 26 ਦੌੜਾਂ ਬਣਾ ਕੇ ਨਾਬਾਦ ਰਹਿੰਦਿਆਂ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਕਸ਼ੇ ਕੁਮਾਰ ਨੂੰ ਮੈਨ ਆਫ਼ ਦਾ ਸੀਰੀਜ਼ ਅਤੇ ਸੂਰਜ ਤਿਵਾੜੀ ਨੂੰ ਮੈਨ ਆਫ਼ ਦਾ ਮੈਚ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਧ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ, ਨਨੂ, ਅਮਰਪਾਲ ਸਿੰਘ ਕਾਕਾ ਅਤੇ ਡਾਕਟਰ ਸੰਜੇ ਨਾਰਦ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਇਨਾਮ ਵੰਡ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾਕਟਰ ਜਮੀਲ ਵਾਲੀ ਅਤੇ ਮੈਡਮ ਡੌਲੀ ਚੀਮਾ ਨੇ ਜੇਤੂ ਅਤੇ ਹੋਰ ਖਿਡਾਰੀਆਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਮੈਡਲ ਵੰਡ ਕੇ ਸਨਮਾਨਿਤ ਕੀਤਾ।
ਇਸ ਮੌਕੇ ਰਾਮਦੇਵ ਯਾਦਵ, ਡਾਕਟਰ ਕੇਵਲ ਕ੍ਰਿਸ਼ਨ ਤੱਕੀ, ਮੁਹੰਮਦ ਆਜ਼ਮ, ਸੁਦਾਮ ਹੁਸੈਨ, ਕੁਲਜੀਤ ਬੰਗੜ, ਰਾਜਦੀਪ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ, ਗੌਰਵ ਜੈਨ ਅਤੇ ਦੀਪਕ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਟੂਰਨਾਮੈਂਟ ਦੀ ਸਫਲਤਾ ‘ਤੇ ਸੰਸਥਾ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਰਾਜਕੁਮਾਰ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ, ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੇਤਰਹੀਣ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ।












