89 ਦਿਵਿਆਂਗ ਵਿਅਕਤੀਆਂ ਦੀ ਹੋਈ ਰਜਿਸਟਰੇਸ਼ਨ, 30 ਸ਼ਨਾਖਤੀ ਕਾਰਡ ਕੀਤੇ ਜਾਰੀ

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਜ਼ਿਲਾ ਪ੍ਰਸ਼ਾਸ਼ਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਕ ਨਿਵੇਕਲੀ ਪਹਿਲ ਕਰਦਿਆਂ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ‘ਹਰ ਵੀਰਵਾਰ ਦਿਵਿਆਂਗਾਂ ਦਾ ਸਤਿਕਾਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਪਹਿਲਾ ਕੈਂਪ ਲਗਾਇਆ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।

Advertisements

ਜ਼ਿਲੇ ਦੇ ਡਿਪਟੀ ਕਮਿਸ਼ਨਰ  ਵਿਪੁਲ ਉਜਵਲ ਦੀ ਅਗਵਾਈ ਵਾਲੇ ਜ਼ਿਲਾ ਪ੍ਰਸ਼ਾਸ਼ਨ ਵਲੋਂ ‘ਕਰਵੱਟ-ਏਕ-ਬਦਲਾਵ’ ਅਤੇ ਹੋਰ ਵੱਖ-ਵੱਖ ਐਨ.ਜੀ.ਓਜ਼ ਦੇ ਸਹਿਯੋਗ ਨਾਲ ਮਹੀਨੇ ਦੇ ਪਹਿਲੇ ਵੀਰਵਾਰ ਹਰ ਸਬ-ਡਵੀਜ਼ਨ ਵਿੱਚ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕੈਂਪ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸੇ ਲੜੀ ਤਹਿਤ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਲਗਾਏ ਕੈਂਪ ਵਿੱਚ 89 ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ, ਜਦਕਿ 30 ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਗਏ ਹਨ।

ਇਸ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਐਸ.ਡੀ.ਐਮ. ਗੜਸ਼ੰਕਰ ਹਰਦੀਪ ਸਿੰਘ ਧਾਲੀਵਾਲ, ਪੀ.ਸੀ.ਐਸ ਅਧਿਕਾਰੀ ਅਮਿਤ ਸਰੀਨ ਵੀ ਮੌਜੂਦ ਸਨ। ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਅੰਗਹੀਣ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਗਏ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਲਈ ਕੈਂਪ ਲਗਾਉਣ ਦਾ ਉਪਰਾਲਾ ਇਕ ਸ਼ਲਾਘਾਯੋਗ ਕਦਮ ਹੈ ਅਤੇ ਕੈਂਪ ਜ਼ਰੀਏ ਦਿਵਿਆਂਗਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਇਹਨਾਂ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ।

-ਸਰਕਾਰੀ ਹਸਪਤਾਲ ਗੜਸ਼ੰਕਰ ‘ਚ ਦਿਵਿਆਂਗ ਵਿਅਕਤੀਆਂ ਲਈ ਲਗਾਇਆ ਪਹਿਲਾ ਕੈਂਪ 

ਐਸ.ਡੀ.ਐਮ. ਗੜਸ਼ੰਕਰ ਹਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੋੜਵੰਦਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਦਿਵਿਆਂਗ ਵਿਅਕਤੀ ਸਹੂਲਤਾਂ ਪ੍ਰਾਪਤ ਕਰਨ ਲਈ ਜਿਥੇ ਇਹਨਾਂ ਕੈਂਪਾਂ ਵਿੱਚ ਜਾ ਸਕੇ ਫਾਇਦਾ ਚੁੱਕ ਸਕਦੇ ਹਨ, ਉਥੇ ਗੜਸ਼ੰਕਰ ਸਬ-ਡਵੀਜ਼ਨ ਅਧੀਨ ਸਬੰਧਤ ਵਿਅਕਤੀ ਕਿਸੇ ਵੀ ਸਮੱਸਿਆ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਐਸ.ਐਮ.ਓ. ਡਾ. ਟੇਕ ਰਾਜ, ਗੈਰ ਸਰਕਾਰੀ ਸੰਸਥਾਵਾਂ ਵਲੋਂ ਪ੍ਰਦੀਪ ਕੁਮਾਰ, ਆਯੂਸ਼ ਸ਼ਰਮਾ, ਇੰਦਰਜੀਤ ਨੰਦਨ, ਬਹਾਦਰ ਸਿੰਘ, ਜਰਨੈਲ ਧੀਰ, ਸੰਦੀਪ ਸ਼ਰਮਾ, ਪਰਮਜੀਤ ਕੌਰ ਅਤੇ ਸੁਦੇਸ਼ ਖੰਨਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here