ਜੈਵ-ਵਿਭਿੰਨਤਾ ਦੀ ਸਾਂਭ-ਸੰਭਾਲ ਸਬੰਧੀ ਵਰਕਸ਼ਾਪ ਲਗਾਈ

DSC05295
ਹੁਸ਼ਿਆਰਪੁਰ, 20 ਅਗਸਤ- ਪੰਜਾਬ ਜੈਵ-ਵਿਭਿੰਨਤਾ ਬੋਰਡ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਦੀ ਪ੍ਰਧਾਨਗੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਜੈਵ-ਵਿਭਿੰਨਤਾ ਵਿਸ਼ੇ ‘ਤੇ ਜਿਲ੍ਹਾ ਪੱਧਰੀ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿੱਚ ਜੰਗਲਾਤ ਤੇ ਜੰਗਲੀ ਜੀਵ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਤੇ ਮੱਛੀ ਪਾਲਣ ਦੇ ਮਾਹਿਰਾਂ ਨੇ ਜੈਵ-ਵਿਭਿੰਨਤਾ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਵਿਸ਼ਾ ਮਾਹਿਰਾਂ ਨੇ ਦੱਸਿਆ ਕਿ ਜੈਵ-ਵਿਭਿੰਨਤਾ ਦੀ ਸਾਂਭ-ਸੰਭਾਲ ਅਤਿ ਜਰੂਰੀ ਹੈ। ਧਰਤੀ ਦੇ ਜੈਵਿਕ ਖ਼ਜ਼ਾਨੇ ਅਤੇ ਜੈਵਿਕ ਸਰੋਤਾਂ ਤੋਂ ਲੋਕਾਂ ਦੀਆਂ ਕਈ ਅਹਿਮ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। ਲੋਕਾਂ ਨੂੰ ਫ਼ਸਲੀ ਪੌਦਿਆਂ ਦੀ ਵਿਭਿੰਨਤਾ ਅਤੇ ਉਸ ਦੀ ਸਾਂਭ-ਸੰਭਾਲ ਬਾਰੇ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ।  ਸਾਡੇ ਆਲੇ ਦੁਆਲੇ ਪੌਦਿਆਂ ਦੀਆਂ 300 ਤੋਂ ਵੀ ਵੱਧ ਸ਼੍ਰੇਣੀਆਂ ਮਿਲਦੀਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਦੁਆਰਾ ਅਸੀਂ ਨਵੀਂ ਤਕਨੀਕਾਂ ਦਾ ਪ੍ਰਯੋਗ ਕਰਕੇ ਵਧੇਰੇ ਫਾਇਦਾ ਉਠਾ ਸਕਦੇ ਹਾਂ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਦੱਸਿਆ ਕਿ ਜੈਵ-ਵਿਭਿੰਨਤਾ ਕਾਨੂੰਨ 2002 ਦੀ ਧਾਰਾ 41 ਅਨੁਸਾਰ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਅਤੇ ਤਕਨੀਕੀ ਸਹਾਇਤਾ ਸਮੂਹਾਂ ਦੀ ਸਥਾਪਨਾ ਕੀਤੀ ਗਈ ਹੈ। ਜੈਵ ਵਿਭਿੰਨਤਾ ਦੀ ਸਾਂਭ-ਸੰਭਾਲ ਲਈ ਲੋੜੀਂਦਾ ਰਿਕਾਰਡ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਟਰੇਨਿੰਗ ਕੈਂਪ ਦਾ ਮੁੱਖ ਉਦੇਸ਼ ਪ੍ਰਬੰਧਕਾਂ ਅਤੇ ਐਨ.ਜੀ.ਓਜ਼ ਨੂੰ ਜੈਵ-ਵਿਭਿੰਨਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਅਨਮੋਲ ਖ਼ਜਾਨਾ ਬਖਸ਼ਿਆ ਹੈ, ਚਾਹੇ ਪੌਦਿਆਂ, ਪਸ਼ੂਆਂ ਅਤੇ ਜੰਗਲਾਂ ਦੇ ਸਾਂਭ-ਸੰਭਾਲ ਦੀ ਗੱਲ ਹੋਵੇ, ਹਰ ਇੱਕ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ। ਸਾਨੂੰ ਆਉਣ ਵਾਲੇ ਸਮੇਂ ਲਈ ਕੁਦਰਤ ਦੇ ਇਸ ਅਨਮੋਲ ਖ਼ਜ਼ਾਨੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਜੈਵ-ਵਿਭਿੰਨਤਾ ਦੀ ਸਾਂਭ-ਸੰਭਾਲ ਲਈ ਉਚੇਚੇ ਕਦਮ ਪੁਟਣੇ ਚਾਹੀਦੇ ਹਨ। ਜ਼ਿਲ੍ਹਾ ਪੱਧਰ ‘ਤੇ ਜੈਵ-ਵਿਭਿੰਨਤਾ ਮੈਨੇਜਮੈਂਟ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਜਿਸ ਦੇ ਤਹਿਤ ਜੈਵ-ਵਿਭਿੰਨਤਾ ਦੀ ਟਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ‘ਤੇ ਡਾ. ਦਲਜੀਤ ਸਿੰਘ ਨੇ ਪੌਦਿਆਂ, ਡਾ. ਬਲਬੀਰ ਸਿੰਘ ਨੇ ਪਸ਼ੂਆਂ, ਡਾ. ਦਵਿੰਦਰ ਸਿੰਘ ਨੇ ਪਾਣੀ ਦੀ ਸਾਂਭ-ਸੰਭਾਲ, ਵਣ ਮੰਡਲ ਅਫ਼ਸਰ ਵਿਸ਼ਾਲ ਚੋਹਾਨ ਨੇ ਜੰਗਲਾਂ ਜੀਵਾਂ ਅਤੇ ਪੌਦਿਆਂ ਦੀ ਸਾਂਭ-ਸੰਭਾਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

Advertisements

LEAVE A REPLY

Please enter your comment!
Please enter your name here