ਮਾਰਕੀਟ ਕਮੇਟੀ ਗੜਸ਼ੰਕਰ ਵਿਖੇ ਮੰਡੀ ਦੀ ਸਾਫ-ਸਫ਼ਾਈ ਕਰਵਾਈ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਸੈਣੀ ਦੀ ਅਗਵਾਈ ਵਾਲੀ ਟੀਮ ਵਲੋਂ ਮਾਰਕੀਟ ਕਮੇਟੀ ਗੜਸ਼ੰਕਰ ਵਿਖੇ ਮੰਡੀ ਦੀ ਸਾਫ-ਸਫਾਈ ਕਰਵਾਈ ਗਈ। ਇਸ ਮੌਕੇ ਮੰਡੀ ਦੀ ਵਿਸ਼ੇਸ਼ ਚੈਕਿੰਗ ਕਰਦਿਆਂ ਹਦਾਇਤ ਕੀਤੀ ਗਈ ਕਿ ਜਨਤਾ ਨੂੰ ਗਲੇ ਅਤੇ ਸੜੇ ਫ਼ਲ-ਸਬਜ਼ੀਆਂ ਨਾ ਦਿੱਤੀਆਂ ਜਾਣ, ਕਿਉਂਕਿ ਇਹ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ।

Advertisements

ਮਾਰਕਿਟ ਕਮੇਟੀ ਗੜਸ਼ੰਕਰ ਦੇ ਸਕੱਤਰ ਸੁਰਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਵਿਭਾਗ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿੱਢੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਹਨਾਂ ਫ਼ਲ ਅਤੇ ਸਬਜੀ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੈਮੀਕਲ ਨਾਲ ਕੋਈ ਵੀ ਫ਼ਲ ਨਾ ਪਕਾਇਆ ਜਾਵੇ ਅਤੇ ਨਾ ਹੀ ਪਕਾਏ ਗਏ ਫ਼ਲਾਂ ਦੀ ਵਰਤੋਂ ਕੀਤੀ ਜਾਵੇ। ਉਹਨਾਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਉਹਨਾਂ ਕਿਹਾ ਕਿ ਡਿਸਪੋਜ਼ਲ ਬਰਤਨਾਂ ਦੀ ਵੀ ਵਰਤੋਂ ਨਾ ਕੀਤੀ ਜਾਵੇ ਅਤੇ ਕੂੜੇ ਅਤੇ ਡਿਸਪੋਜ਼ਲ ਨੂੰ ਅੱਗ ਨਾ ਲਗਾਈ ਜਾਵੇ। ਉਹਨਾਂ ਸੜਕ ਅਤੇ ਸੜਕ ਦੇ ਵਿਚਕਾਰ ਡਿਵਾਈਡਰਾਂ ‘ਤੇ ਕੂੜਾ ਨਾ ਸੁੱਟਣ ਦੀ ਵੀ ਅਪੀਲ ਕੀਤੀ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਹੀ ਇਕ ਜ਼ਿੰਮੇਵਾਰ ਨਾਗਰਿਕ ਦੀ ਨਿਸ਼ਾਨੀ ਹੈ। ਇਸ ਮੌਕੇ ਉਹਨਾਂ ਨਾਲ ਸੁਮਨ ਕੁਮਾਰ, ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here