ਚੱਕੋਵਾਲ: ਸਿਹਤਮੰਦ ਜੀਵਨ ਲਈ ਖੁਰਾਕ ਹਫ਼ਤੇ ਅਧੀਨ ਲਗਾਈਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੌਮੀ ਖੁਰਾਕ ਹਫ਼ਤੇ ਅਧੀਨ ਸਿਹਤਮੰਦ ਜੀਵਨ ਲਈ ਖੁਰਾਕ ਸੁਰੱਖਿਆ ਵਿਸ਼ੇ ਤੇ ਸਿਹਤ ਜਾਗਰੂਕਤਾ ਕੈਂਪ ਦਾ ਆਯੋਜਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਇੰ: ਪੀ.ਐਚ.ਸੀ. ਚੱਕੋਵਾਲ ਦੀ ਅਗੁਵਾਈ ਵਿੱਚ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤਾ ਗਿਆ।

Advertisements

ਜਿਸ ਵਿੱਚ ਰਮਨਦੀਪ ਕੌਰ ਬੀ.ਈ.ਈ, ਅਤੇ ਮਨਜੀਤ ਸਿੰਘ ਹੈਲਥ ਇੰਸਪੈਕਟਰ, ਏ.ਐਨ.ਐਮ. ਊਸ਼ਾ ਰਾਣੀ, ਆਸ਼ਾ ਵਰਕਰ ਗੁਰਦੀਪ ਕੌਰ ਤੋਂ ਇਲਾਵਾ ਇਲਾਕੇ ਦੀਆਂ ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਂਵਾ ਅਤੇ ਉਹਨਾਂ ਦੇ ਸਾਖ ਸੰਬੰਧੀ ਸ਼ਾਮਿਲ ਹੋਏ। ਇਸ ਦੌਰਾਨ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਇੱਕ ਜਾਗਰੂਕਤਾ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਕੈਂਪ ਦੌਰਾਨ ਜਾਣਕਾਰੀ ਦਿੰਦੇ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੇ ਖਾਣੇ ਦੀਆਂ ਆਦਤਾਂ ਵਿੱਚ ਸੁਧਾਰ ਕਰਨ ਦੀ ਬਹੁਤ ਲੋੜ ਹੈ। ਕਿਊਂਕਿ ਛੌਟੇ ਬੱਚਿਆਂ ਵਿੱਚ ਕੁਪੋਸ਼ਣ ਇੱਕ ਚਿੰਤਾ ਦਾ ਵਿਸ਼ਾ ਹੈ। ਖਾਣੇ ਨਾਲ ਪੇਟ ਭਰਨਾ ਹੀ ਜਰੂਰੀ ਨਹੀਂ ਬਲਕਿ ਪੋਸ਼ਟਿਕ ਖੁਰਾਕੀ ਤੱਤਾਂ ਦਾ ਹੋਣਾ ਵੀ ਜਰੂਰੀ ਹੈ ਜਿਸਦੇ ਲਈ ਖੁਰਾਕ ਸੁਰੱਖਿਆ ਦੀ ਲੋੜ ਹੈ ਤਾਂਕਿ ਅਗਲੀ ਪੀੜੀ ਨੂੰ ਕੁਪੋਸ਼ਣ ਤੋਂ ਬਚਾਇਆ ਜਾ ਸਕੇ। ਕੁਪੋਸ਼ਣ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ, ਪਰ ਇਹ ਕਈ ਬਿਮਾਰੀਆਂ ਦੀ ਜੜ ਹੈ।

ਇਸ ਲਈ ਸਾਨੂੰ ਆਪਣੇ ਆਹਾਰ ਵਿੱਚ ਦੁੱਧ, ਦਹੀ, ਲੱਸੀ, ਦਾਲਾਂ, ਮੌਸਮੀ ਫਲ ਅਤੇ ਹਰੀਆਂ ਸਬਜ਼ੀਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਇਸਦੇ ਨਾਲ ਨਾਲ ਬੱਚਿਆਂ ਨੂੰ ਕਸਰਤ ਵੀ ਨਿਯਮਿਤ ਕਰਨੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ ਪਹਿਲੇ ਸਾਲ ਹੀ ਹਜ਼ਾਰਾਂ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਬੱਚਿਆਂ ਦੇ ਵਿਕਾਸ ਤੇ ਗਹਿਰਾ ਅਸਰ ਪੈਂਦਾ ਹੈ। ਸਭ ਤੋਂ ਜਰੂਰੀ ਹੈ ਕਿ ਬੱਚੇ ਦਾ ਭੋਜਨ ਅਤੇ ਪਾਲਣ ਪੋਸ਼ਣ ਦੇ ਤਰੀਕੇ ਸਹੀ ਹੋਣ। ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪਿਲਾਈਆ ਜਾਵੇ ਅਤੇ ਛੇ ਮਹੀਨੇ ਬਾਅਦ ਦੁੱਧ ਦੇ ਨਾਲ ਨਾਲ ਉਪਰਲਾ ਭੋਜਨ ਦੇਣਾ ਸ਼ੁਰੂ ਕਰੀਏ ਤਾਂ ਕੁਪੋਸ਼ਣ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਗਰਭਵਤੀ ਔਰਤ ਦੀ ਦੇਖਭਾਲ ਲਈ ਸਿਹਤ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਵ ਯੋਜਨਾ ਬਾਰੇ ਜਿਕਰ ਕਰਦਿਆਂ ਉਹਨਾਂ ਦੱਸਿਆ ਕਿ ਹਰ ਮਹੀਨੇ ਦੀ ਨੌ ਤਾਰੀਖ ਨੂੰ ਹਾਈ ਰਿਸਕ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਦੀ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ ਤਾਕਿ ਸਮਾਂ ਰਹਿੰਦੇ ਗਰਭਵਤੀ ਔਰਤ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਬੀ.ਈ.ਈ. ਰਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਹਸਪਤਾਲ ਵਿੱਚ ਸੁਰੱਖਿਅਤ ਜਣੇਪੇ ਨੂੰ ਤਰਜੀਹ ਦੇਣ ਨਾਲ ਮਾਂ ਅਤੇ ਬੱਚੇ ਦੋਨਾਂ ਦੀ ਹੀ ਸੰਪੂਰਣ ਦੇਖਭਾਲ ਹੋ ਸਕਦੀ ਹੈ।  ਗਰਭਵਤੀ ਔਰਤਾਂ ਦੀ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਅਤੇ ਗਰਭ ਦੌਰਾਨ ਘੱਟੋਂ ਘੱਟ ਚਾਰ ਵਾਰ  ਚੈਕਅਪ ਜਰੂਰੀ ਹੈ ਤਾਂ ਕਿ ਹੋਣ ਵਾਲਾ ਬੱਚਾ ਤੰਦਰੁਸਤ ਹੋਵੇ। ਜਨਮ ਉਪਰੰਤ ਬੱਚਿਆਂ ਦੀ ਦੇਖਭਾਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਂ ਦੇ ਪਹਿਲੇ ਬਹੁਲੇ ਦੁੱਧ ਨੂੰ ਗੰਦਾ ਦੁੱਧ ਸਮਝ ਦੇ ਸੁੱਟ ਦਿੱਤਾ ਜਾਂਦਾ ਸੀ, ਜੋ ਕਿ ਬੱਚੇ ਲਈ ਪਹਿਲਾ ਟੀਕਾ ਹੈ ਅਤੇ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ ਜੋ ਕਿ ਬੱਚੇ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ, ਅਤੇ ਬੱਚਾ ਸਵਾਸਥ ਰਹਿੰਦਾ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਬੱਚੇ ਦੇ ਜਨਮ ਦੇ ਇੱਕ ਘੰਟੇ ਦੇ ਅੰਦਰ ਮਾਂਵਾਂ ਬੱਚੇ ਨੂੰ ਆਪਣਾ ਦੁੱਧ ਹੀ ਪਿਲਾਉਣ।

LEAVE A REPLY

Please enter your comment!
Please enter your name here