ਦੋ ਰੋਜ਼ਾ ਮਾਈਕਰੋ ਲੀਗਲ ਲਿਟਰੇਸੀ ਕੈਂਪ ਸਮਾਪਤ, ਸਕੀਮਾਂ ਤਹਿਤ ਭਰੇ 330 ਫਾਰਮ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਇੰਚਾਰਜ ਚੇਅਰਪਰਸਨ-ਕਮ-ਜ਼ਿਲਾ ਤੇ ਸੈਸ਼ਨ ਜੱਜ ਸ੍ਰੀਮਤੀ ਪ੍ਰਿਆ ਸੂਦ ਦੇ ਨਿਰਦੇਸ਼ਾਂ ‘ਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਦੀ ਅਗਵਾਈ ਵਿੱਚ ਪਿੰਡ ਜੇਜੋਂ ਵਿਖੇ ਲਗਾਇਆ ਗਿਆ ਦੋ ਰੋਜ਼ਾ ਮਾਈਕਰੋ ਲੀਗਲ ਲਿਟਰੇਸੀ ਕੈਂਪ  ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ।
ਇਸ ਮੌਕੇ ਸੁਚੇਤਾ ਅਸ਼ੀਸ਼ ਦੇਵ ਨੇ ਕਿਹਾ ਕਿ ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਇਕ ਛੱਤ ਥੱਲੇ ਸਹੂਲਤਾਂ ਮੁਹੱਈਆ ਕਰਵਾਉਣਾ ਸੀ। ਉਹਨਾਂ ਕਿਹਾ ਕਿ ਦੋ ਦਿਨਾਂ ਕੈਂਪ ਵਿੱਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ 10 ਸਟਾਲ ਲਗਾਏ ਗਏ ਸਨ। ਉਹਨਾਂ ਕਿਹਾ ਕਿ ਇਹਨਾਂ ਸਟਾਲਾਂ ਵਿੱਚ ਸੇਵਾ ਕੇਂਦਰ, ਲੇਬਰ ਵਿਭਾਗ, ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈਜ਼, ਆਧਾਰ ਕਾਰਡ, ਜਨਮ ਅਤੇ ਮੌਤ ਰਜਿਸਟਰਾਰ, ਜ਼ਿਲਾ ਭਲਾਈ ਵਿਭਾਗ, ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ, ਨਾਬਾਰਡ, ਤਹਿਸੀਲਦਾਰ ਦਫ਼ਤਰ ਗੜਸ਼ੰਕਰ ਅਤੇ ਡੀ.ਸੀ. ਦਫ਼ਤਰ ਸ਼ਾਮਲ ਸਨ।
ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਨੇ ਕਿਹਾ ਕਿ ਕੈਂਪ ਦੇ ਦੋਨਾਂ ਦਿਨਾਂ ਵਿੱਚ ਵਿਭਾਗਾਂ ਵਲੋਂ ਵੱਖ-ਵੱਖ ਸਕੀਮਾਂ ਤਹਿਤ 330 ਫਾਰਮ ਮੁਫ਼ਤ ਭਰੇ ਗਏ ਹਨ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਨੂੰ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣੂ ਵੀ ਕਰਵਾਇਆ ਗਿਆ, ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀ ਇਹਨਾਂ ਯੋਜਨਾਵਾਂ ਦਾ ਲਾਹਾ ਲੈ ਸਕਣ। ਉਹਨਾਂ ਕਿਹਾ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਇਕ ਮਿੰਨੀ ਫਰੰਟ ਦਫ਼ਤਰ ਵੀ ਬਣਾਇਆ ਗਿਆ ਸੀ, ਜਿਥੇ ਮੌਜੂਦ ਵਕੀਲ ਸਾਹਿਬਾਨ ਵਲੋਂ ਪਿੰਡ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਲਾਹ ਅਤੇ ਮਸ਼ਵਰਾ ਦਿੱਤਾ ਗਿਆ। ਉਹਨਾਂ ਕੈਂਪ ਦੀ ਸਫ਼ਲਤਾ ‘ਤੇ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀਆਂ, ਕੈਂਪ ਵਿੱਚ ਭਾਗ ਲੈਣ ਵਾਲੇ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਪ੍ਰਗਟਾਇਆ। ਇਸ ਦੌਰਾਨ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here