ਪੀੜਤ ਔਰਤਾਂ ਦੀ ਬਾਂਹ ਫੜਨ ਲਈ ਸਹਾਈ ਸਿੱਧ ਹੋਵੇਗਾ ‘ਵਨ ਸਟਾਪ ਸੈਂਟਰ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ( ਦਾ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਪ੍ਰਾਈਵੇਟ ਸਰਜੀਕਲ ਵਾਰਡ ਵਿੱਚ ‘ਵਨ ਸਟਾਪ ਸੈਂਟਰ’ ਖੋਲਿਆ ਗਿਆ ਹੈ, ਜਿਸ ਦਾ ਉਦੇਸ਼ ਜਿਣਸੀ ਸੋਸ਼ਣ, ਘਰੇਲੂ ਹਿੰਸਾ, ਤੇਜ਼ਾਬ ਪੀੜਤ ਅਤੇ ਰੇਪ ਪੀੜਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਉਹ ਅੱਜ ਮਹੀਨਾਵਾਰੀ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਜਾਇਜ਼ਾ ਲੈ ਰਹੇ ਸਨ। ਜ਼ਿਲੇ ਵਿੱਚ ਖੁੱਲੇ ਇਸ ਕੇਂਦਰ ਦਾ ਜਾਇਜ਼ਾ ਲੈਂਦਿਆਂ ਉਹਨਾਂ ਜਿਲਾ ਪ੍ਰੋਗਰਾਮ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਇਸ ਸੈਂਟਰ ਵਿੱਚ ਪੀੜਤ ਔਰਤਾਂ ਨੂੰ ਫੌਰੀ ਰਾਹਤ ਮੁਹੱਈਆ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ‘ਵਨ ਸਟਾਪ ਸੈਂਟਰ’ ਈਸ਼ਾ ਕਾਲੀਆ ਨੇ ਕਿਹਾ ਕਿ ਪੀੜਤ ਔਰਤਾਂ ‘ਵਨ ਸਟਾਪ ਸੈਂਟਰ’ ਵਿੱਚ ਸੰਪਰਕ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ 5 ਦਿਨ ਦੀ ਟੈਂਪਰੇਰੀ ਰਿਹਾਇਸ਼ ਤੋਂ ਇਲਾਵਾ ਕਾਨੂੰਨੀ ਸਹਾਇਤਾ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵਲੋਂ ਸਮੇਂ-ਸਮੇਂ ‘ਤੇ ਇਸ ਸੈਂਟਰ ਸਬੰਧੀ ਕੀਤੀ ਜਾ ਰਹੀ ਗਤੀਵਿਧੀ ਦਾ ਜਾਇਜ਼ਾ ਵੀ ਲਿਆ ਜਾਵੇਗਾ।

Advertisements

ਉਹਨਾਂ ਕਿਹਾ ਕਿ ਹੁਣ ਤੱਕ 5 ਔਰਤਾਂ ਇਸ ਸੈਂਟਰ ਵਿੱਚ ਸੰਪਰਕ ਕਰ ਚੁੱਕੀਆਂ ਹਨ, ਜਿਹਨਾਂ ਨੂੰ ਫੌਰੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਟੈਂਪਰੇਰੀ ਰਿਹਾਇਸ਼ ਵਿੱਚ ਸਬੰਧਤ ਪੀੜਤ ਔਰਤ ਦੇ ਨਾਲ ਉਸ ਦੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 8 ਸਾਲ ਤੋਂ ਘੱਟ ਉਮਰ ਦਾ ਲੜਕਾ ਨਾਲ ਰਹਿ ਸਕਦੇ ਹਨ। ਉਨ•ਾਂ ਕਿਹਾ ਕਿ ਉਕਤ ਪੀੜਤ ਔਰਤਾਂ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਵਿੱਚ ਪੜਦੀਆਂ ਲੜਕੀਆਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਇਸ ਕੇਂਦਰ ਵਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲਾ ਪ੍ਰੋਗਰਾਮ ਅਫ਼ਸਰ-ਕਮ-ਕਨਵੀਨਰ ਦੀ ਅਗਵਾਈ ਵਿੱਚ ਇਹ ਕੇਂਦਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰ ਰਿਹਾ ਹੈ ਅਤੇ ਇਸ ਸੈਂਟਰ ਦੀ ਇਮਾਰਤ ਬਣਨ ਉਪਰੰਤ 24 ਘੰਟੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵਲੋਂ ਪੀੜਤ ਔਰਤਾਂ ਨੂੰ ਪੈਰਾਂ ਸਿਰ ਖੜ ਕਰਨ ਲਈ ਯਤਨ ਵੀ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰੂਰਲ ਮਿਸ਼ਨ, ਅਰਬਨ ਮਿਸ਼ਨ ਅਤੇ ਐਮ.ਪੀ. ਲੈਡ ਸਬੰਧੀ ਕੰਮਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਨੂੰ ਵਰਤੋਂ ਸਰਟੀਫਿਕੇਟ ਜਲਦੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਮਗਨਰੇਗਾ ਯੋਜਨਾ ਤਹਿਤ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਕੰਮ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਪਹਾੜੀ ਸੜਕਾਂ ‘ਤੇ ਝਾੜੀਆਂ ਆਦਿ ਦੀ ਸਫ਼ਾਈ ਕਰਨੀ ਵੀ ਯਕੀਨੀ ਬਣਾਈ ਜਾਵੇ, ਤਾਂ ਜੋ ਹਾਦਸੇ ਨਾ ਵਾਪਰ ਸਕਣ। ਉਹਨਾਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਿਕਵਰੀਆਂ ਸਬੰਧੀ ਗੰਭੀਰਤਾ ਦਿਖਾਈ ਜਾਵੇ ਅਤੇ ਡਿਫਾਲਟਰਾਂ ਦੀ ਲਿਸਟ ਬਣਾ ਕੇ ਅਗਲੇਰੀ ਕਾਰਵਾਈ ਆਰੰਭੀ ਜਾਵੇ। ਉਹਨਾਂ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵੀ ਜਾਇਜ਼ਾ ਲਿਆ।

ਉਹਨਾਂ ਵਿਭਾਗਾਂ ਦੇ ਮੁੱਖੀਆਂ ਨੂੰ ਸ਼ੁਰੂ ਕੀਤੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਨ ਲਈ ਵੀ ਕਿਹਾ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ, ਐਸ.ਡੀ.ਐਮ. ਮੁਕੇਰੀਆਂ ਅਦਿੱਤਿਆ ਉਪਲ, ਐਸ.ਡੀ.ਐਮ. ਹੁਸ਼ਿਆਰਪੁਰ  ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ. ਦਸੂਹਾ ਹਰਚਰਨ ਸਿੰਘ, ਐਸ.ਡੀ.ਐਮ. ਗੜਸ਼ੰਕਰ ਹਰਦੀਪ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here