ਬਿਨਾਂ ਕਿਸੇ ਡਰ ਤੋਂ ਵੋਟਾਂ ਦੇ ਅਧਿਕਾਰਾਂ ਦੀ ਕੀਤੀ ਜਾਵੇ ਵਰਤੋਂ: ਡਿਪਟੀ ਕਮਿਸ਼ਨਰ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਹਰੇਕ ਵੋਟਰ ਬਿਨਾਂ ਕਿਸੇ ਡਰ ਅਤੇ ਭੈਅ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੇ। ਉਹ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ‘ਤੇ ਕਰਵਾਏ ਗਏ ਜ਼ਿਲਾ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਅਤੇ ਐਸ.ਡੀ.ਐਮ. ਹੁਸ਼ਿਆਰਪੁਰ ਅਮਰਪ੍ਰੀਤ ਕੌਰ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਰੋਹ ਦੌਰਾਨ ਐਸ.ਡੀ.ਐਮ. ਗੜਸ਼ੰਕਰ ਹਰਦੀਪ ਸਿੰਘ ਧਾਲੀਵਾਲ ਨੂੰ ਬੈਸਟ ਈ.ਆਰ.ਓ., ਰਵਿੰਦਰ ਸਿੰਘ ਸੁਪਰਡੈਂਟ ਐਸ.ਪੀ.ਐਨ. ਕਾਲਜ  ਮੁਕੇਰੀਆਂ ਨੂੰ ਬੈਸਟ ਨੋਡਲ ਅਫ਼ਸਰ ਅਤੇ ਰਮਨ ਕੁਮਾਰ ਵਰਕ ਇੰਸਪੈਕਟਰ ਨੂੰ ਬੈਸਟ ਬੀ.ਐਲ.ਓ. ਐਲਾਨਿਆ ਗਿਆ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਅਜੇ ਤੱਕ ਵੋਟ ਨਹੀਂ ਬਣਾਈ, ਉਹ ਪਹਿਲ ਦੇ ਆਧਾਰ ‘ਤੇ ਵੋਟ ਬਣਾ ਕੇ ਲੋਕੰਤਤਰ ਦਾ ਹਿੱਸਾ ਬਣਨ।

Advertisements

ਉਹਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਦੀ ਉਮਰ 01 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੋਵੇ, ਉਹ ਆਪਣਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਵਿੱਚ ਬਿਨੈ ਦੇ ਸਕਦੇ ਹਨ, ਵੋਟਰ ਸੂਚੀ ਵਿੱਚ ਸ਼ਾਮਲ ਨਾਮ ‘ਤੇ ਇਤਰਾਜ਼ ਕਰਨ ਜਾਂ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੱਚ ਪਹਿਲਾਂ ਦਰਜ ਕਿਸੇ ਇੰਦਰਾਜ ਵਿੱਚ ਕਿਸੇ ਕਿਸਮ ਦੀ ਦਰੁਸਤੀ ਕਰਵਾਉਣ ਲਈ ਫਾਰਮ ਨੰ: 8, ਵੋਟਰ ਵਲੋਂ ਉਸੇ ਚੋਣ ਹਲਕੇ (ਜਿਸ ਚੋਣ ਹਲਕੇ ਵਿੱਚ ਉਹ ਪਹਿਲਾਂ ਵੋਟਰ ਵਜੋਂ ਰਜਿਸਟਰ ਹੈ) ਵਿੱਚ ਆਪਣੀ ਰਿਹਾਇਸ਼ ਬਦਲਣ ਦੀ ਸੂਰਤ ਵਿੱਚ ਵੋਟ ਬਦਲਾਉਣ ਲਈ ਫਾਰਮ ਨੰ: 8  ਭਰ ਕੇ ਸਬੰਧਤ ਬੂਥ ਲੈਵਲ ਅਫ਼ਸਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫ਼ਤਰ/ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਦੇ ਸਕਦਾ ਹੈ। ਈਸ਼ਾ ਕਾਲੀਆ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤਾਂ ਲਈ ਵੋਟਰ ਹੈਲਪ ਲਾਈਨ 1950 (ਟੋਲ ਫਰੀ) ਜ਼ਿਲਾ ਪੱਧਰ ‘ਤੇ  ਸਥਾਪਿਤ ਕੀਤਾ ਗਿਆ ਹੈ, ਜਿਸ ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੋਣਾਂ ਜਾਂ ਵੋਟਰ ਸੂਚੀ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ, ਸ਼ਿਕਾਇਤ ਜਾਂ ਸੁਝਾਅ ਨੋਟ ਕਰਵਾਇਆ ਜਾ ਸਕਦਾ ਹੈ। ਉਹਨਾਂ ਦਿਵਆਂਗਜਨ ਨੂੰ ਵੀ ਪਹਿਲ ਦੇ ਆਧਾਰ ‘ਤੇ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਸਮਾਰੋਹ ਦੌਰਾਨ ਮੁੱਖ ਚੋਣ ਕਮਿਸ਼ਨਰ ਦਾ ਵੋਟਰਾਂ ਲਈ ਰਿਕਾਰਡ ਹੋਇਆ ਸੰਦੇਸ਼ ਪ੍ਰੋਜੈਕਟ ਰਾਹੀਂ ਦਰਸ਼ਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਜਾਗਰੂਕਤਾ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇਸ ਤੋਂ ਬਾਅਦ ਮੌਕੇ ‘ਤੇ ਹਾਜ਼ਰ ਵਿਦਿਆਰਥੀਆਂ ਦੇ ਇਕੱਠ ਵਿਚੋਂ ਵਿਦਿਆਰਥੀਆਂ ਪਾਸੋਂ ਚੋਣ ਪ੍ਰਕ੍ਰਿਆ ਨਾਲ ਸਬੰਧਿਤ 10 ਸਵਾਲ ਪੁੱਛੇ ਗਏ ਅਤੇ ਸਹੀ ਉਤਰ ਦੇਣ ਵਾਲੇ ਨੂੰ ਮੌਕੇ ‘ਤੇ ਸਨਮਾਨਿਤ ਵੀ ਕੀਤਾ ਗਿਆ। ਜ਼ਿਲੇ ਦੇ ਹਰੇਕ ਵਿਧਾਨ ਸਭਾ ਚੋਣ ਹਲਕੇ ਵਿੱਚ ਕਰਵਾਏ ਗਏ ਭਾਸ਼ਣ, ਪੋਸਟਰ ਮੇਕਿੰਗ, ਲੇਖ ਰਚਨਾ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ ਕੀਤਾ ਗਿਆ। ਸਵੀਪ ਗਤੀਵਿਧੀਆਂ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵੋਟਰ ਦਿਵਸ ‘ਤੇ  ਵੋਟਾਂ ਬਣਾਉਣ ਲਈ ਵਿਸ਼ੇਸ਼ ਕੈਂਪ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਲਗਏ ਗਏ ਸਨ, ਜਿਸ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਬੀ.ਐਲ.ਓਜ਼ ਤਾਇਨਾਤ ਸਨ।  

LEAVE A REPLY

Please enter your comment!
Please enter your name here