ਸੀਨੀਅਰ ਸਿਟੀਜ਼ਨ ਤੇ ਦਿਵਆਂਗਜਨ ਅਸੈਸਮੈਂਟ ਕੈਂਪ ਦਾ ਵੱਧ ਤੋਂ ਵੱਧ ਲੈਣ ਲਾਭ : ਏ.ਡੀ.ਸੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਜ਼ਿਲੇ ਵਿੱਚ ਸੀਨੀਅਰ ਸਿਟੀਜ਼ਨ ਅਤੇ ਦਿਵਆਂਗਜਨ ਲਈ ਅਲਿਮਕੋ ਕੰਪਨੀ ਵਲੋਂ ਮੁਕੇਰੀਆਂ, ਦਸੂਹਾ ਅਤੇ ਟਾਂਡਾ ਵਿਖੇ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ, ਜਿਸ ਦਾ ਸੀਨੀਅਰ ਸਿਟੀਜ਼ਨ ਅਤੇ ਦਿਵਆਂਗਜਨ ਵੱਧ ਤੋਂ ਵੱਧ ਲਾਹਾ ਲੈਣ। ਉਹ ਅੱਜ ਇਹਨਾਂ ਕੈਂਪਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਸ੍ਰੀਮਤੀ ਕਲੇਰ ਨੇ ਕਿਹਾ ਕਿ 30 ਜਨਵਰੀ ਨੂੰ ਕਮਿਊਨਿਟੀ ਹਾਲ ਮੁਕੇਰੀਆਂ, 31 ਜਨਵਰੀ ਨੂੰ ਲੰਗਰ ਹਾਲ ਹਾਜੀਪੁਰ ਰੋਡ ਦਸੂਹਾ, ਜਦਕਿ 1 ਫਰਵਰੀ ਨੂੰ ਟਾਂਡਾ ਵਿਖੇ ਕੈਂਪ ਲਗਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਏ.ਡੀ.ਆਈ.ਪੀ. ਯੋਜਨਾ ਅਧੀਨ 371 ਯੋਗ ਲਾਭਪਾਤਰੀਆਂ ਨੂੰ ਮੁਫ਼ਤ 756 ਸਹਾਇਕ ਉਪਕਰਣ ਅਤੇ ਬਣਾਉਟੀ ਅੰਗ ਸੌਂਪੇ ਜਾ ਚੁੱਕੇ ਹਨ।

Advertisements

ਉਹਨਾਂ ਕਿਹਾ ਕਿ ਅਲਿਮਕੋ ਕੰਪਨੀ ਵਲੋਂ ਜਿਹੜੇ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਬਿਲਕੁੱਲ ਦਿਖਾਈ ਨਹੀਂ ਦਿੰਦਾ, ਉਹਨਾਂ ਨੂੰ ਐਮ.ਪੀ.-3 (ਸਮੇਤ ਐਫ.ਐਮ.ਪਲੇਅਰ) ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਕਤ ਨੌਵੀਂ ਤੋਂ ਬਾਹਰਵੀਂ ਅਤੇ ਕਾਲਜ ਪੜ ਰਹੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਜਾਂ ਟੈਬਲਟ ਵੀ ਕੰਪਨੀ ਵਲੋਂ ਦਿੱਤੇ ਜਾ ਰਹੇ ਹਨ। ਸ੍ਰੀਮਤੀ ਕਲੇਰ ਨੇ ਕਿਹਾ ਕਿ ਅਸੈਸਮੈਂਟ ਕੈਂਪਾਂ ਦੌਰਾਨ ਸੀਨੀਅਰ ਸਿਟੀਜਨਜ਼ ਆਪਣੇ ਨਾਲ ਬੀ.ਪੀ.ਐਲ. ਕਾਰਡ ਜਾਂ ਬੁਢਾਪਾ ਪੈਨਸ਼ਨ ਦਾ ਸ਼ਨਾਖਤੀ ਕਾਰਡ, ਆਧਾਰ ਕਾਰਡ ਅਤੇ ਇਕ ਫੋਟੋ ਨਾਲ ਲੈ ਕੇ ਆਉਣ। ਦਿਵਆਂਜਗਨ ਵਿਅਕਤੀ ਆਪਣੇ ਨਾਲ ਤਹਿਸੀਲਦਾਰ/ਸੰਸਥਾ ਦੇ ਮੁੱਖੀ/ਸਰਪੰਚ ਵਲੋਂ ਜਾਰੀ ਆਮਦਨ ਦਾ ਸਰਟੀਫਿਕੇਟ, ਜਿਸ ਵਿੱਚ ਉਸਦੀ ਆਮਦਨ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੋਵੇ ਅਤੇ ਆਪਣੇ ਨਾਲ ਆਧਾਰ ਕਾਰਡ, ਫੋਟੋ ਮੌਕੇ ‘ਤੇ ਲੈ ਕੇ ਆਉਣ, ਤਾਂ ਜੋ ਇਸ ਅਸੈਸਮੈਂਟ ਕੈਂਪ ਵਿੱਚ ਉਹਨਾਂ ਲਈ ਲੋੜੀਂਦੇ ਸਹਾਇਕ ਉਪਕਰਨਾਂ ਦਾ ਮਾਪ ਲਿਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੈਂਪ ਵਿੱਚ ਬਜ਼ੁਰਗਾਂ ਲਈ ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਦੰਦ, ਵਾਕਿੰਗ ਸਟਿਕ ਆਦਿ ਅਤੇ ਦਿਵਆਂਗਜਨ ਲਈ ਟਰਾਈ ਸਾਈਕਲ, ਵੀਲ ਚੇਅਰ, ਵਾਹਕਰ, ਬਣਾਉਟੀ ਅੰਗ, ਐਮ.ਆਰ. ਕਿੱਟਾਂ ਅਤੇ ਹੋਰ ਲੋੜ ਵਾਲੇ ਸਮਾਨ ਲਈ ਮਾਪ ਲਿਆ ਜਾਵੇਗਾ। ਉਹਨਾਂ ਕਿਹਾ ਕਿ ਲੋੜਵੰਦ ਵਿਅਕਤੀ ਇਹਨਾਂ ਅਸੈਸਮੈਂਟ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਫ਼ਤ ਸਹਾਇਕ ਉਪਕਰਨਾਂ ਦਾ ਲਾਭ ਪ੍ਰਾਪਤ ਕਰਨ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਤੋਂ ਇਲਾਵਾ ਵੱਖ-ਵੱਖ ਐਨ.ਜੀ.ਓਜ਼ ਦੇ ਨੁਮਾਇੰਦੇ ਅਤੇ ਸੀ.ਡੀ.ਪੀ.ਓਜ਼ ਹਾਜ਼ਰ ਸਨ।

LEAVE A REPLY

Please enter your comment!
Please enter your name here