ਆਰ.ਕੇ.ਐਸ.ਕੇ. ਤਹਿਤ ਸਰਕਾਰੀ ਸਕੂਲ ਲਾਂਬੜਾ ਵਿਖੇ ਵਰਕਸ਼ਾਪ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਿਸ਼ੋਰ ਅਵਸਥਾ ਜ਼ਿੰਦਗੀ ਦੀ ਉਹ ਅਵਸਥਾ ਹੈ ਜਿਸ ਵਿੱਚ ਮੁਨੱਖ ਦਾ ਤੇਜੀ ਨਾਲ ਸਰੀਰਕ ਵਿਕਾਸਾ ਹੁੰਦਾ ਹੈ। ਮਾਨਸਿਕ, ਭਾਵਨਾਤਮਕ, ਮਨੋਵਿਗਿਆਨਕ ਤਬਦੀਲੀਆਂ ਆਉਂਦੀਆਂ ਹਨ। ਇਸ ਉਮਰ ਵਿੱਚ ਪਈਆਂ ਚੰਗੀਆਂ ਮਾੜੀਆਂ ਆਦਤਾਂ ਜਿਵੇਂ ਖਾਣ ਪੀਣ, ਰਹਿਣ ਸਹਿਣ, ਹਾਲਤਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਪੂਰੀ ਜ਼ਿੰਦਗੀ ਨਾਲ ਚਲਦੀਆਂ ਹਨ। ਕਿਸ਼ੋਰਾਂ ਦੇ ਇਸ ਵਿਸ਼ੇ ਸਬੰਧੇ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ (ਆਰ.ਕੇ.ਐਸ.ਕੇ.) ਤਹਿਤ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ।

Advertisements

ਪ੍ਰਿੰਸੀਪਲ ਵੈਸ਼ਾਲੀ ਚੱਡਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਸਮਾਗਮ ਵਿੱਚ ਸਿਹਤ ਵਿਭਾਗ ਵੱਲੋਂ ਡਾ. ਕਪਿਲ ਸ਼ਰਮਾ ਆਯੂਰਵੈਦਿਕ ਮੈਡੀਕਲ ਅਫ਼ਸਰ, ਰਮਨਦੀਪ ਕੌਰ ਬੀ.ਈ.ਈ., ਡਾ. ਨੀਤਾ ਰੂਰਲ ਮੈਡੀਕਲ ਅਫ਼ਸਰ, ਮਨਿੰਦਰ ਕੌਰ ਏ.ਐਨ.ਐਮ., ਸਤਨਾਮ ਸਿੰਘ ਅਤੇ ਆਸ਼ਾ ਵਰਕਰਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਸ਼ਾਮਲ ਹੋਏ। ਡਾ. ਕਪਿਲ ਸ਼ਰਮਾ ਨੇ ਦੱਸਿਆ ਕਿ ਕਿਸ਼ੋਰ-ਕਿਸ਼ੋਰੀਆਂ ਭਾਰਤ ਦੀ ਆਬਾਦੀ ਦਾ ਬਹੁਤ ਵੱਡਾ ਅਤੇ ਮਹੱਤਵਪੂਰਨ ਹਿੱਸਾ ਹਨ। 10 ਤੋਂ 19 ਸਾਲ ਦੇ ਕਿਸ਼ੋਰ ਕਿਸ਼ੋਰੀਆ ਦੇਸ਼ ਦੀ ਕੁੱਲ ਜਨਸੰਖਿਆ ਦਾ 22 ਪ੍ਰਤੀਸ਼ਤ ਹਨ। ਇਸ ਉਮਰ ਵਿੱਚ ਕੁਪੋਸ਼ਨ, ਖੁਰਾਕ ਦੀ ਘਾਟ, ਖੂਨ ਦੀ ਕਮੀ, ਟੀਕਾਕਰਨ ਦਾ ਨਾ ਹੋਣਾ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਛੋਟੀ ਉਮਰ ਵਿੱਚ ਵਿਆਹ ਹੋਣਾ ਆਰਥਿਕ ਮੁਸ਼ਕਲਾਂ ਪੈਦਾ ਕਰਦਾ ਹੈ। ਬਹੁਤ ਸਾਰੇ ਕਿਸ਼ੋਰ ਜਾਣਕਾਰੀ ਦੀ ਘਾਟ ਅਤੇ ਅੱਧੀ ਅਧੂਰੀ ਗਲਤ ਜਾਣਕਾਰੀ ਕਾਰਨ ਕਈ ਤਰਾਂ ਦੀਆਂ ਮੁਸ਼ਕਲਾਂ ਤੇ ਬੀਮਾਰੀ ਨੂੰ ਬੁਲਾਵਾ ਦਿੰਦੇ ਹਨ। ਕਈ ਵਾਰ ਏਡਜ਼ ਵਰਗੀ ਬਿਮਾਰੀ ਤੱਕ ਦੀ ਚਪੇਟ ਵਿੱਚ ਆ ਜਾਂਦੇ ਹਨ। ਜਿਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਬੀ.ਈ.ਈ. ਰਮਨਦੀਪ ਕੌਰ ਅਤੇ ਡਾ. ਨੀਤਾ ਨੇ ਦੱਸਿਆ ਕਿ ਦਿਨ-ਬ-ਦਿਨ ਕਿਸ਼ੋਰ ਅਵਸਥਾ ਦੀਆਂ ਸਿਹਤ, ਭਾਵਨਾਤਮਕ, ਸਮੱਸਿਆਵਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਇਨਾਂ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਮੀ ਸਿਹਤ ਮਿਸ਼ਨ ਰਾਸ਼ਟਰੀ ਕਿਸ਼ੋਰ ਸਵਾਸਥ ਪ੍ਰੋਗਰਾਮ ਨੂੰ ਮਹੱਤਤਾ ਦਿੱਤੀ ਗਈ ਹੈ। ਇਸ ਅਧੀਨ ਕਿਸ਼ੋਰ ਵਰਗ ਦੇ ਪ੍ਰਜਨਣ, ਸਿਹਤ ਦੇ ਮੁੱਦੇ, ਕਾਉਂਸਲਿੰਗ, ਲਿੰਗ ਸਮਾਨਤਾ ਅਤੇ ਉਹਨਾਂ ਪ੍ਰਤੀ ਸਕਾਰਾਤਮਕ ਵਾਤਾਵਰਣ ਬਣਾਉਣ ਤੇ ਉਹਨਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸਿਹਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਹੈ। ਕਿਸ਼ੋਰ ਅਵਸਥਾ ਦੀਆਂ ਇਹਨਾਂ ਸਮੱਸਿਆਵਾਂ ਲਈ ਮਾਂ-ਬਾਪ, ਪਰਿਵਾਰ ਅਤੇ ਅਧਿਆਪਕ ਵਰਗ ਦਾ ਸੰਵੇਦਨਸ਼ੀਲ ਹੋਣਾ ਵੀ ਬਹੁਤ ਜਰੂਰੀ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਕਿਸ਼ੋਰ ਅਵਸਥਾ ਵਿੱਚ ਜਰੂਰੀ ਸਰੀਰਕ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਜੇਤੂ ਵਿਦਿਆਰਥੀਆਂ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।

LEAVE A REPLY

Please enter your comment!
Please enter your name here