ਪੀ.ਐਚ.ਸੀ. ਚੱਕੋਵਾਲ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਵਰਕਸ਼ਾਪ ਆਯੋਜਿਤ 

ਹੁਸ਼ਿਆਰਪੁਰ( ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਮਨਾਏ ਜਾ ਰਹੇ ਜਾਗਰੂਕਤਾ ਹਫ਼ਤੇ ਦੌਰਾਨ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤਾ ਗਿਆ। ਕੈਂਪ ਦੌਰਾਨ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਬਲਪ੍ਰੀਤ ਕੌਰ, ਡਾ. ਅਮਿਤ, ਬੀ.ਈ.ਈ ਰਮਨਦੀਪ ਕੌਰ, ਦਿਲਬਾਗ ਸਿੰਘ ਅਤੇ ਬਲਾਕ ਦੀਆਂ ਸਮੂਹ ਆਸ਼ਾ ਫੈਸੀਲਟੇਟਰਾਂ ਅਤੇ ਆਸ਼ਾ ਵਰਕਰਾਂ ਸ਼ਾਮਿਲ ਹੋਈਆਂ। ਜਾਗਰੂਕਤਾ ਵਰਕਸ਼ਾਪ ਦੌਰਾਨ ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤੀ ਖੁਰਾਕ ਹੈ ਤੇ ਬੱਚੇ ਦੇ ਪਾਲਣ ਪੋਸ਼ਣ ਦਾ ਕੁਦਰਤੀ ਤਰੀਕਾ ਹੈ। ਪਹਿਲਾਂ ਛੇ ਮਹੀਨੇ ਬੱਚੇ ਲਈ ਸੰਪੂਰਨ ਤੇ ਵਧੀਆ ਖੁਰਾਕ ਹੈ। ਇਸ ਲਈ ਮਾਂ ਆਪਣੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ਼ ਆਪਣਾ ਦੁੱਧ ਹੀ ਪਿਲਾਵੇ। ਹੋਰ ਕਿਸੇ ਤਰਾਂ ਦੇ ਦੁੱਧ, ਪਾਣੀ ਜਾਂ ਖੁਰਾਕ ਦੀ ਕੋਈ ਜਰੂਰਤ ਨਹੀਂ ਹੈ। ਮਾਂ ਨੂੰ ਆਪਣੇ ਬੱਚੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ, ਭਾਵ ਇੱਕ ਘੰਟੇ ਦੇ ਅੰਦਰ ਅੰਦਰ ਆਪਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

Advertisements

ਬੱਚੇ ਨੂੰ ਵਾਰ ਵਾਰ ਜਾਂ ਉਸਦੀ ਮੰਗ ਅਨੁਸਾਰ ਹੀ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ। ਮਾਂਵਾਂ ਨੂੰ ਚਾਹੀਦਾ ਹੈ ਕਿ ਬੱਚੇ ਦੇ ਜਨਮ ਦੇ ਪਹਿਲੇ ਦੋ ਤਿੰਨ ਦਿਨਾਂ ਦੌਰਾਨ ਆਪਣਾ ਪਹਿਲਾ ਗਾੜਾ ਜਾਂ ਪੀਲੇ ਰੰਗ ਦਾ ਦੁੱਧ, ਜਿਸਨੂੰ ਕੋਲੇਸਟ੍ਰਮ ਜਾਂ ਬਹੁਲਾ ਦੁੱਧ ਕਹਿੰਦੇ ਹਨ, ਜਰੂਰ ਪਿਲਾਓ। ਕਿਉਂਕਿ ਮਾਂ ਦਾ ਪਹਿਲਾ ਗਾੜਾ ਦੁੱਧ ਨਵ ਜੰਮੇ ਬੱਚੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਦੇ ਨਾਲ ਨਾਲ ਨਰੋਈ ਤੰਦਰੁਸਤੀ, ਮਜਬੂਤ ਸਿਹਤ ਤੇ ਵਿਲੱਖਣ ਬੁੱਧੀ ਵੀ ਦਿੰਦਾ ਹੈ। ਸਭ ਤੋਂ ਮਹੱਤਵਪੂਰਣ ਹੈ ਕਿ ਇਸ ਨਾਲ ਮਾਂ ਅਤੇ ਬੱਚੇ ‘ਚ ਪਿਆਰ ਵੱਧਦਾ ਹੈ। ਮਾਂ ਦਾ ਸਪਰਸ਼ ਵੀ ਬੱਚੇ ਦੇ ਵਾਧੇ ‘ਚ ਬਹੁਤ ਮਦਦ ਕਰਦਾ ਹੈ। ਇਸਦੀ ਤੁਲਨਾ ਵਿੱਚ ਜੋ ਮਾਂਵਾਂ ਬਾਹਰ ਦਾ ਦੁੱਧ ਬੱਚਿਆਂ ਨੂੰ ਦਿੰਦੀਆਂ ਹਨ ਉਸਦੇ ਫਾਇਦੇ ਘੱਟ ਸਗੋਂ ਨੁਕਸਾਨ ਜਿਆਦਾ ਹੁੰਦੇ ਹਨ। ਜੇ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉੱਦੀ ਹੈ ਤਾਂ ਖੁਦ ਵੀ ਸਿਹਤਮੰਦ ਰਹੇਗੀ।

ਡਾ. ਓ.ਪੀ. ਗੋਜਰਾ ਬੀ.ਈ.ਈ. ਰਮਨਦੀਪ ਕੌਰ ਨੇ ਬੱਚੇ ਨੂੰ ਉਚਿਤ ਢੰਗ ਨਾਲ ਬੈਠ ਕੇ ਦੁੱਧ ਪਿਲਾਉਣ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਬੱਚੇ ਨੂੰ ਕਦੇ ਵੀ ਲੇਟ ਕੇ ਦੁੱਧ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਤਰਾਂ ਬੱਚਿਆਂ ਵਿੱਚ ਕੰਨ• ਵਗਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਦੁੱਧ ਪਿਲਾਉਣ ਉਪਰੰਤ ਬੱਚੇ ਨੂੰ ਮੋਢੇ ਨਾਲ ਲਗਾ ਕੇ ਡਕਾਰ ਦਵਾਉਣਾ ਵੀ ਬਹੁਤ ਹੀ ਜਰੂਰੀ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਮਾਂ ਦਾ ਦੁੱਧ ਉਪਰੇ ਦੁੱਧ ਨਾਲੋਂ ਹਮੇਸ਼ਾ ਹੀ ਲਾਭਦਾਇਕ ਅਤੇ ਉਤਮ ਹੈ।

ਬੀ.ਈ.ਈ. ਰਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਰੂਰੀ ਹੈ ਕਿ ਬੱਚੇ ਦੇ ਜਨਮ ਹੋਣ ਉਪਰੰਤ ਮਾਂ ਦੇ ਦੁੱਧ ਤੋਂ ਪਹਿਲਾਂ ਹੋਰ ਕੋਈ ਚੀਜ਼ ਬੱਚੇ ਨੂੰ ਨਾ ਦਿੱਤੀ ਜਾਵੇ। ਨਾ ਹੀ ਬੱਚੇ ਨੂੰ ਕਿਸੇ ਪ੍ਰਕਾਰ ਦੀ ਚੁੰਘਣੀ ਜਾਂ ਦੁੱਧ ਦੀ ਬੋਤਲ ਦੀ ਆਦਤ ਪਾਉਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਜੇਕਰ ਮਾਂ ਖੁਦ ਬੀਮਾਰ ਹੋਵੇ ਤਾ ਵੀ ਆਪਣੇ ਆਪ ਤੋਂ ਬੱਚੇ ਨੂੰ ਬਿਨਾਂ ਕਿਸੇ ਨੁਕਸਾਨ ਡਰ ਭੈਅ ਤੋਂ ਦੁੱਧ ਪਿਲਾਉਣਾ ਜਾਰੀ ਰੱਖ ਸਕਦੀ ਹੈ। ਮਾਂ ਬੱਚੇ ਨੂੰ ਦੋ ਵਰਿਆ ਤੱਕ ਜਾਂ ਉਸ ਤੋਂ ਬਾਅਦ ਵੀ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ। ਬੱਚੇ ਨੂੰ ਛੇ ਮਹੀਨੇ ਬਾਅਦ ਮਾਂ ਦੇ ਦੁੱਧ ਦੇ ਨਾਲ ਨਾਲ ਦੂਜੇ ਪੂਰਕ ਨਰਮ ਆਹਾਰ ਜਿਵੇਂ ਚੌਲ, ਖਿਛੜੀ, ਦਲੀਆ ਆਦਿ ਦਿੱਤਾ ਜਾਵੇ। ਘਰ ਵਿੱਚ ਬਣੀ ਖੁਰਾਕ ਬਜ਼ਾਰ ਦੀ ਖੁਰਾਕ ਨਾਲੋਂ ਬਿਹਤਰ ਹੁੰਦੀ ਹੈ।

LEAVE A REPLY

Please enter your comment!
Please enter your name here