ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਏਡਜ਼ ਦਾ ਰੋਗ, ਮਨੁੱਖੀ ਜ਼ਾਤ ਲਈ ਪੈਦਾ ਹੋਏ ਵੱਡੇ ਵੱਡੇ ਖਤਰਿਆਂ ਵਿਚੋਂ ਇੱਕ ਹੈ। ਇਸ ਤੋਂ ਬਚਣ ਦਾ ਸਿਰਫ਼ ਇਹ ਹੀ ਰਸਤਾ ਹੈ ਕਿ ਐਚ.ਆਈ.ਵੀ. ਜੋ ਕਿ ਏਡਜ਼ ਫੈਲਾਉਣ ਵਾਲਾ ਰੋਗਾਣੂ ਹੈ ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜਾਏ ਕਿਉਂ ਜੋ ਇਸ ਗਿਆਨ ਸਦਕਾ ਹੀ ਏਡਜ਼ ਤੋਂ ਜਾਨ ਛੁੱਟ ਸਕਦੀ ਹੈ। ਇਸੇ ਮੰਤਵ ਨੂੰ ਲੈ ਕੇ ਬਲਾਕ ਚੱਕੋਵਾਲ ਵੱਲੋਂ ਇੱਕ ਜਾਗਰੂਕਤਾ ਕੈਂਪ ਡਾ.ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਯੋਗ ਪ੍ਰਧਾਨਗੀ ਹੇਠ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਸੰਬੋਧਨ ਕਰਦਿਆਂ ਡਾ.ਓ.ਪੀ. ਗੋਜਰਾ ਨੇ ਐਚ.ਆਈ.ਵੀ. ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਚ.ਆਈ.ਵੀ. ਦਾ ਵਾਇਰਸ ਸ਼ਰੀਰ ਵਿੱਚ ਦਾਖਿਲ ਹੋਣ ਤੋਂ ਬਾਅਦ ਏਡਜ਼ ਹੋਣ ਦੇ ਲੱਛਣ ਉਜਾਗਰ ਹੋਣ ਵਿੱਚ 8 ਤੋਂ 10 ਸਾਲ ਦਾ ਸਮਾਂ ਲੱਗ ਸਕਦਾ ਹੈ। ਇਹ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਐਚ.ਆਈ.ਵੀ. ਅਣਸੁਰੱਖਿਅਤ ਸੈਕਸ, ਐਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ, ਸੰਕਰਮਿਤ ਖੂਨ ਚੜਾਉਣ ਨਾਲ ਅਤੇ ਸੰਕਰਮਿਤ ਸੂਈ ਅਤੇ ਸਰਿਜੰ ਦੀ ਸਾਂਝੀ ਵਰਤੋਂ ਤੋਂ ਫੈਲਦਾ ਹੈ। ਇਸਤੋਂ ਬਚਣ ਲਈ ਮਨੁੱਖ ਨੂੰ ਸੁਰੱਖਿਅਤ ਸੈਕਸ ਤਹਿਤ ਕੰਡੋਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ। ਬੀਮਾਰੀ ਜਾਂ ਹਾਦਸੇ ਦੀ ਅਵਸਥਾ ਵਿੱਚ ਲੋੜ ਪੈਣ ਤੇ ਸਕੰਰਮਣ ਰਹਿਤ ਖੂਨ ਹੀ ਚੜਾਉਣਾ ਚਾਹੀਦਾ ਹੈ।
ਹਰ ਗਰਭਵਤੀ ਮਾਂ ਦਾ ਐਚ.ਆਈ.ਵੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਅਤੇ ਨਾਲ ਹੀ ਟੀਕੇ ਰਾਂਹੀ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬੀਮਾਰ ਵਿਅਕਤੀ ਨੂੰ ਟੀਕਾ ਲਗਾਉਣ ਵੇਲੇ ਕੇਵਲ ਸਕੰਰਮਣ ਰਹਿਤ ਭਾਵ ਕਿ ਨਵੀਂ ਸੂਈ ਅਤੇ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਸਾਵਧਾਨੀਆਂ ਨਾਲ ਮਨੁੱਖ ਐਚ.ਆਈ.ਵੀ. ਅਤੇ ਏਡਜ਼ ਤੋਂ ਮੁਕਤ ਰਹਿ ਸਕਦਾ ਹੈ। ਐਚ.ਆਈ.ਵੀ. ਤੋਂ ਪ੍ਰਭਾਵਿਤਾਂ ਵਿੱਚ ਇੱਕ ਗਿਣਤੀ ਨਸ਼ਿਆਂ ਵਿੱਚ ਫਸੇ ਹੋਏ ਨੋਜਵਾਨਾਂ ਦੀ ਵੀ ਹੈ ਜੋ ਕਿ ਇੰਜੈਕਟੇਬਲ ਡਰੱਗ ਯੂਜਰ ਹੁੰਦੇ ਹਨ। ਡਰੱਗ ਲੈਣ ਸਮੇਂ ਉਹ ਇਕ ਹੀ ਸੂਈ ਸਰਿੰਜ ਦੀ ਵਰਤੋਂ ਕਰਦੇ ਹਨ ਅਤੇ ਐਚ.ਆਈ.ਵੀ. ਏਡਜ਼ ਵਰਗੀ ਬਿਮਾਰੀ ਮੋਲ ਲੈਂਦੇ ਹਨ। ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਵਾਇਰਸ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਜਿਸ ਨਾਲ ਏਡਜ ਪ੍ਰਭਾਵਿਤ ਵਿਅਕਤੀ ਹੋਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਕਿ ਉਸਦੀ ਮੌਤ ਦਾ ਕਾਰਣ ਬਣ ਸਕਦੇ ਹਨ।
ਉਹਨਾਂ ਹੋਰ ਕਿਹਾ ਕਿ ਗਰਭਵਤੀ ਔਰਤ ਦੀ ਐਚ.ਆਈ.ਵੀ. ਜਾਂਚ ਨਾਲ ਉਸਦੇ ਹੋਣ ਵਾਲੇ ਬੱਚੇ ਨੂੰ ਐਚ.ਆਈ.ਵੀ. ਹੋਣ ਦਾ ਖਤਰਾ ਘਟਾਇਆ ਜਾ ਸਕਦਾ ਹੈ। ਐਚ.ਆਈ.ਵੀ. ਪਾਜਿਟਿਵ ਵਿਅਕਤੀ ਨੂੰ ਡਾਕਟਰੀ ਸਲਾਹ ਮੁਤਾਬਕ ਦਵਾਈ ਦਾ ਲਗਾਤਾਰ ਸੇਵਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਏ.ਆਰ.ਟੀ. ਕੇਂਦਰਾਂ ਵਿੱਚ ਮਰੀਜਾਂ ਨੂੰ ਇਹ ਇਲਾਜ ਮੁਫਤ ਮੁੱਹਈਆ ਕਰਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਏਡਜ਼ ਪ੍ਰਤੀ ਮੁਕੰਮਲ ਜਾਣਕਾਰੀ ਅਤੇ ਜਾਗਰੂਕਤਾ ਹੀ ਇਸਦਾ ਇੱਕੋ ਇੱਕ ਇਲਾਜ ਹੈ। ਜਿਸ ਵਿੱਚ ਡਾ. ਸੁਰਿੰਦਰ ਕੁਮਾਰ, ਡਾ. ਨਰਿੰਦਰ ਸਿੰਘ ਮੈਡੀਕਲ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਅਪਥੈਲਮਿਕ ਅਫ਼ਸਰ ਸ਼ਾਮ ਸੁੰਦਰ, ਇੰਦਰਜੀਤ ਸਿੰਘ ਫ਼ਾਰਮੇਸੀ ਅਫ਼ਸਰ, ਐਲ.ਐਚ.ਵੀ. ਕ੍ਰਿਸ਼ਨਾ, ਹਰਦਿਆਲ ਤੋਂ ਇਲਾਵਾ ਨਿਵਾਸੀ ਸ਼ਾਮਿਲ ਹੋਏ।