
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਜਿਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਕੱਢੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ, ਉਥੇ ਸੁਤੈਹਰੀ ਰੋਡ ਤੋਂ ਸੈਸ਼ਨ ਚੌਕ ਹੁਸ਼ਿਆਰਪੁਰ ਤੱਕ ਕੱਢੇ ਨਗਰ ਕੀਰਤਨ ਦੇ ਨਾਲ ਵੀ ਗਏ। ਇਸ ਤੋਂ ਇਲਾਵਾ ਉਹਨਾਂ ਲਗਾਏ ਗਏ ਲੰਗਰ ਵਿੱਚ ਸੇਵਾ ਵੀ ਕੀਤੀ।


ਇਸ ਮੌਕੇ ਅਰੋੜਾ ਨੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਜਨਮ ਦਿਹਾੜੇ ਦੀ ਜ਼ਿਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਵੀ ਪ੍ਰੇਰਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ 9 ਫਰਵਰੀ ਨੂੰ ਜਲੰਧਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਦੱਸੇ ਮਾਰਗਾਂ ‘ਤੇ ਚੱਲ ਕੇ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ਼ ਇਕਜੁੱਟ ਹੋ ਕੇ ਗੁਰੂ ਸਾਹਿਬ ਦੇ ਦੱਸੇ ਮਾਰਗਾਂ ‘ਤੇ ਚੱਲਿਆ ਜਾ ਸਕਦਾ ਹੈ।
ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਚੇਅਰਮੈਨ ਬੀ.ਸੀ. ਕਮਿਸ਼ਨ ਸਰਵਣ ਸਿੰਘ ਰਾਮਗੜੀਆ, ਦਿਹਾਤੀ ਕਾਂਰਗਸ ਪ੍ਰਧਾਨ ਕੈਪਟਨ ਕਰਮ ਚੰਦ, ਮੁਕੇਸ਼ ਡਾਬਰ, ਕੁਲਦੀਪ ਅਰੋੜਾ, ਕੌਂਸਲਰ ਸੁਰਿੰਦਰਪਾਲ ਸਿੱਧੂ, ਸ਼ਾਦੀ ਲਾਲ, ਕੁਲਵਿੰਦਰ ਸਿੰਘ ਹੁੰਦਲ, ਬਲਵਿੰਦਰ ਬਿੰਦੀ, ਮੋਹਨ ਲਾਲ ਪਹਿਲਵਾਨ, ਰਜਨੀਸ਼ ਟੰਡਨ, ਅਜੀਤ ਸਿੰਘ, ਗੰਗਾ ਪ੍ਰਸ਼ਾਦ, ਅਸ਼ੋਕ ਮਹਿਰਾ, ਹਰੀਸ਼ ਆਨੰਦ, ਸਤਪਾਲ ਚੱਬੇਵਾਲ, ਕਮਲ ਭੱਟੀ, ਗੁਰਦੀਪ ਕਟੋਚ, ਮੁਨੀਸ਼ ਜੈਨ, ਗੁਲਸ਼ਨ ਰਾਏ ਅਤੇ ਸ਼ਿਵ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।












