ਗੜਸ਼ੰਕਰ ਦੇ ਵਾਰਡ ਨੰ 2 ਵਿੱਚ ਪੀਲੀਏ ਦੇ ਕੇਸਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਕਾਲਾ ਪੀਲੀਆ ਅਤੇ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਇਲਾਕੇ ਦੀਆਂ ਸਰਕਾਰੀ ਸਿਹਤ ਸੇਵਾਵਾਂ ਡਾਕਟਰੀ ਅਮਲੇ ਦੀ ਘਾਟ ਅਤੇ ਹੋਰ ਸਿਹਤ ਸਹੂਲਤਾਂ ਕਾਰਨ ਬੁਰੀ ਤਰਾਂ ਪ੍ਰਭਾਵਿਤ ਹਨ ਜਿਸ ਕਰਕੇ ਇਲਾਕੇ ਦੇ ਮਰੀਜ਼ਾਂ ਨੂੰ ਪ੍ਰਾਈਵੇਟ ਤੌਰ ‘ਤੇ ਮਹਿੰਗੀਆਂ ਸਿਹਤ ਸੇਵਾਵਾਂ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਦੱਸਣਾ ਬਣਦਾ ਹੈ ਗੜਸ਼ੰਕਰ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਪੀਲੀਏ ਦੇ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ। ਵਾਰਡ ਨੰਬਰ ਦੋ ਅਤੇ ਚਾਰ ਵਿੱਚ ਅਜਿਹੇ ਕੇਸਾਂ ਦੀ ਗਿਣਤੀ ਜ਼ਿਆਦਾ ਹੈ। ਸ਼ਹਿਰ ਦੇ ਇਸੇ ਵਾਰਡ ਵਿੱਚ ਸਥਿਤ ਸਾਈ ਸਤਯਮ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਵਾਰਡ ਨੰਬਰ ਦੋ ਦੇ ਵਸਨੀਕ ਪੀਲੀਏ ਦੇ ਅਨੇਕਾਂ ਮਰੀਜ਼ ਉੁਹਨਾਂ ਕੋਲ ਇਲਾਜ ਲਈ ਆ ਰਹੇ ਹਨ। ਇਸ ਵੇਲੇ ਵੀ ਹਸਪਤਾਲ ਵਿੱਚ ਪੀਲੀਏ ਤੋਂ ਪ੍ਰਭਾਵਿਤ ਦੋ ਬੱਚਿਆਂ ਵਨੀਸ਼ਾ (10) , ਏਕਨੂੰਰ (6) ਦਾ ਇਲਾਜ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਪੀਲੀਏ ਤੋਂ ਪ੍ਰਭਾਵਿਤ ਮਰੀਜ਼ਾਂ ਅਵਿਨਾਸ਼  (6), ਸੇਨੂੰ (4),  ਰੋਜ਼ੀ ( 22), ਮਨੀਸ਼ਾ (12) ਵੀ ਇੱਥੇ ਇਲਾਜ ਅਧੀਨ ਰਹੇ ਹਨ। ਇਸ ਮੌਕੇ ਵਾਰਡ ਨੰਬਰ ਦੋ ਦੇ ਵਸਨੀਕਾਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਸਕੱਤਰ ਮਾਸਟਰ ਜੀਤ ਰਾਮ ਰੱਤੂ, ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਵਾਰਡ ਵਿੱਚ ਪਾਣੀ ਦੀ ਦੂਸ਼ਿਤ ਸਪਲਾਈ ਹੁੰਦੀ ਹੈ ਜਿਸ ਕਰਕੇ ਪੀਲੀਏ ਦੇ ਮਰੀਜ਼ਾਂ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਦੂਸ਼ਿਤ ਪਾਣੀ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਜਦ ਕਿ ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਪੀਲੀਏ ਤੋਂ ਪ੍ਰਭਾਵਿਤ ਮਰੀਜ਼ਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਜਿਸ ਬਾਰੇ ਸਿਹਤ ਵਿਭਾਗ ਨੂੰ ਤੁਰੰਤ ਜਾਂਚ ਕੈਂਪ ਲਗਾਉਣ ਦੀ ਲੋੜ ਹੈ। ਨਗਰ ਕੌਂਸਲ ਦੇ ਈਓ ਅਵਤਾਰ ਚੰਦ ਨੇ ਕਿਹਾ ਕਿ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਉਹ ਪਤਾ ਕਰਨਗੇ ਅਤੇ ਕਾਰਵਾਈ ਕੀਤੀ ਜਾਵੇਗੀ। ਕੀ ਕਹਿੰਦੇ ਹਨ ਐਸਐਮÀ ਗੜਸ਼ੰਕਰ ਜਦੋ ਇਸ ਸਬੰਧ ਚ ਟੇਕ ਚੰਦ ਭਾਟੀਅ ਨਾਲ ਗੱਲ ਕੀਤੀ ਤਾ ਉਹਨਾਂ ਨੇ ਕਿਹਾ ਕਿ ਉਹ ਡਾਕਟਰੀ ਅਮਲੇ ਦੀ ਇਕ ਟੀਮ ਵਾਰਡ ਵਿੱਚ ਭੇਜ ਰਹੇ ਹਨ ਅਤੇ ਪੂਰੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here