ਐੱਸ.ਐੱਸ.ਪੀ ਗੌਰਵ ਗਰਗ ਖਿਲਾਫ ਸੰਘਰਸ਼ ਵਿੱਢਣ ਲਈ ਬਸਪਾ ਪੰਜਾਬ ਪ੍ਰਧਾਨ ਨੇ ਬਣਾਈ 12 ਮੈਂਬਰੀ ਕਮੇਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਸੱਤਾਧਾਰੀ ਧਿਰ ਕਾਂਗਰਸ ਦੀ ਸ਼ਹਿ ਤੇ ਐੱਸ.ਐੱਸ.ਪੀ ਹੁਸ਼ਿਆਰਪੁਰ ਗੌਰਵ ਗਰਗ ਵੱਲੋਂ ਜ਼ਿਲੇ ਵਿੱਚ ਖ਼ਾਸ ਤੌਰ ‘ਤੇ ਦਲਿਤਾਂ-ਗਰੀਬਾਂ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਜ਼ਿਲੇ ਵਿੱਚ ਕਾਨੂੰਨ ਦਾ ਸ਼ਾਸਨ ਖ਼ਤਮ ਕਰਕੇ ਅਰਾਜਕਤਾ ਦਾ ਮਾਹੌਲ ਕਾਇਮ ਕਰਨ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਲਾਮਬੰਦੀ ਸ਼ੁਰੂ ਕੀਤੀ ਗਈ ਹੈ। ਇਸਦੇ ਲਈ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਵੱਲੋਂ 12  ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਜਨਰਲ ਸਕੱਤਰ ਪੰਜਾਬ ਡਾ. ਨਛੱਤਰ ਪਾਲ, ਜਨਰਲ ਸਕੱਤਰ ਪੰਜਾਬ ਬਲਵਿੰਦਰ ਕੁਮਾਰ, ਜਨਰਲ ਸਕੱਤਰ ਪੰਜਾਬ ਰਮੇਸ਼ ਕੌਲ, ਸੂਬਾ ਸਕੱਤਰ ਦਲਜੀਤ ਰਾਏ, ਜਿਲਾ ਪ੍ਰਧਾਨ ਇੰਜੀ: ਮਹਿੰਦਰ ਸਿੰਘ ਸੰਧਰਾਂ, ਐਡਵੋਕੇਟ ਰਣਜੀਤ ਕੁਮਾਰ, ਓਂਕਾਰ ਸਿੰਘ ਝੱਮਟ ਜੋਨ ਇੰਚਾਰਜ, ਮਨਿੰਦਰ ਸਿੰਘ ਸ਼ੇਰਪੁਰੀ ਜੋਨ ਇੰਚਾਰਜ, ਗੁਰਮੀਤ ਸਿੰਘ ਧੁੱਗਾ, ਜਗਮੋਹਣ ਸਿੰਘ ਸੱਜਣਾ,  ਮਲਕੀਤ ਸਿੰਘ ਗੜਸ਼ੰਕਰ, ਐਡਵੋਕੇਟ ਪਲਵਿੰਦਰ ਲਾਡੀ ਨੂੰ ਸ਼ਾਮਲ ਕੀਤਾ ਗਿਆ ਹੈ।

Advertisements

ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧਿਤ ਬਸਪਾ ਆਗੂਆਂ ਤੇ ਵਰਕਰਾਂ ਨੇ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਸੀ ਕਿ ਹੁਸ਼ਿਆਰਪੁਰ ਵਿੱਚ ਖ਼ਾਸ ਤੌਰ ‘ਤੇ ਐੱਸ.ਐੱਸ.ਪੀ ਗੌਰਵ ਗਰਗ ਵੱਲੋਂ ਸੱਤਾਧਾਰੀ ਕਾਂਗਰਸੀ ਆਗੂਆਂ ਦੇ ਪ੍ਰਭਾਵ ਹੇਠ ਪ੍ਰਸ਼ਾਸਨ ਦਾ ਪੂਰੀ ਤਰਾਂ ਕਾਂਗਰਸੀਕਰਨ ਕਰ ਦਿੱਤਾ ਗਿਆ ਹੈ। ਕਾਨੂੰਨ ਦਾ ਸ਼ਾਸਨ ਖ਼ਤਮ ਕਰਕੇ ਜ਼ਿਲੇ ਵਿੱਚ ਪੂਰੀ ਤਰਾਂ ਅਰਾਜਕਤਾ ਦਾ ਮਾਹੌਲ ਬਣਾਇਆ ਗਿਆ ਹੈ ਤੇ ਇਸ ਵਿੱਚ ਖ਼ਾਸ ਤੌਰ ‘ਤੇ ਦਲਿਤਾਂ, ਗ਼ਰੀਬਾਂ, ਪਛੜੇ ਵਰਗਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਹਨਾਂ ਨੂੰ ਚੁਣੀਦਾ ਤੌਰ ‘ਤੇ ਟਾਰਗੇਟ ਕਰਕੇ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਦਲਿਤਾਂ ‘ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਤੇ ਕਾਂਗਰਸ ਸਰਕਾਰ ਵੱਲੋਂ ਪੂਰੀ ਤਰਾਂ ਸ਼ਹਿ ਦਿੱਤੀ ਜਾ ਰਹੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਬਸਪਾ ਹਮੇਸ਼ਾ ਸ਼ੋਸ਼ਿਤ ਸਮਾਜ ਦੇ ਹਿਤਾਂ ਦੇ ਲਈ ਸੰਘਰਸ਼ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਬਸਪਾ ਹੁਸ਼ਿਆਰਪੁਰ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਅਤੇ ਪ੍ਰਸ਼ਾਸਨ ਤੇ ਉਸਦੇ ਅਫ਼ਸਰਾਂ ਦੀ ਦਲਿਤਾਂ, ਪਛੜੇ ਵਰਗਾਂ, ਆਮ ਲੋਕਾਂ ਖ਼ਿਲਾਫ਼ ਮਾਨਸਿਕਤਾ ਨੂੰ ਬਦਲਣ ਲਈ ਸੰਘਰਸ਼ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਲੋਕ ਹਿੱਤ ਲਈ ਬਸਪਾ ਸੰਘਰਸ਼ ਜਾਰੀ ਰੱਖੇਗੀ ਅਤੇ ਪੁਲਸ ਤੇ ਸਰਕਾਰ ਦੇ ਪਰਚਿਆਂ ਤੋਂ ਦੱਬਣ ਵਾਲੀ ਨਹੀਂ ਹੈ।

LEAVE A REPLY

Please enter your comment!
Please enter your name here