ਅੰਗਰੇਜ਼ੀ ਦੀ ਗੁਲਾਮੀ ਛੱਡ ਪੰਜਾਬੀ ਭਾਸ਼ਾ ਦਾ ਸਤਕਾਰ ਕਰੇ ਸਰਕਾਰ: ਡੀ.ਟੀ.ਐੱਫ

ਗੜਸ਼ੰਕਰ (ਦ ਸਟੈਲਰ ਨਿਊਜ਼)। ਰਿਪੋਰਟ : ਹਰਦੀਪ ਚੌਹਾਨ। ਪੰਜਾਬ ਵਿੱਚ ਸਿੱਖਿਆ ਸਬੰਧੀ ਕੀਤੇ ਜਾ ਰਹੇ ਫੈਸਲਿਆਂ ਵਿੱਚ ਸਰਕਾਰ ਦਾ ਮਾਂ ਬੋਲੀ ਪੰਜਾਬੀ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੀ ਜਮਾਤ ਤੋਂ ਗਣਿਤ ਨੂੰ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਪੜਾਉਣ ਦੇ ਅਜਿਹੇ ਫੈਸਲੇ ਦਾ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਸਖਤ ਵਿਰੋਧ ਕਰਦਿਆਂ ਇਸ ਨੂੰ ਗੈਰ-ਵਿਗਿਆਨਿਕ ਵਰਤਾਰਾ, ਮਾਂ ਬੋਲ਼ੀ ਦਾ ਨਿਰਾਦਰ ਅਤੇ ਅੰਗਰੇਜ਼ੀ ਦੀ ਗੁਲਾਮੀ ਅਤੇ ਪੰਜਾਬੀਆਂ ਤੋ ਮਾਂ ਬੋਲੀ ਖੋਹਣ  ਦੀ ਸਾਜਿਸ਼ ਕਰਾਰ ਦਿੱਤਾ ਹੈ। ਇਸ ਦੇ ਵਾਪਿਸ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ ਹੈ।

Advertisements

ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਸੂਬਾ ਕਮੇਟੀ ਮੈਬਰ ਮੁਕੇਸ਼ ਗੁਜਰਾਤੀ ਅਤੇ  ਜਿਲਾ ਪ੍ਰਧਾਨ ਸੁਖਦੇਵ ਡਾਨਸੀਵਾਲ  ਨੇ ਕਿਹਾ ਕਿ ਦੁਨੀਆ ਦੇ ਵਿਕਸਤ ਦੇਸ਼ਾਂ ਵਿੱਚਲੀ ਤਰੱਕੀ ਪਿੱਛੇ ਮਾਤ ਭਾਸ਼ਾ ਵਿੱਚ ਦਿੱਤੀ ਸਿੱਖਿਆ ਦਾ ਯੋਗਦਾਨ ਮੋਹਰੀ ਰਿਹਾ ਹੈ। ਪਰ ਸਾਡੇ ਦੇਸ ਦੇ ਅਖੌਤੀ ਸਿੱਖਿਆ ਸ਼ਾਸ਼ਤਰੀ ਸਿਰਫ ਅੰਗਰੇਜ਼ੀ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਨੂੰ ਹੀ ਅਸਲ ਸਿੱਖਿਆ ਸਮਝਣ ਦਾ ਭਰਮ ਪਾਲੀ ਬੈਠੇ ਹਨ ਅਤੇ ਇਸ ਨੂੰ ਪਹਿਲੀ ਜਮਾਤ ਤੋਂ ਲਾਗੂ ਕਰਨ ‘ਤੇ ਤੁਲੇ ਹੋਏ ਹਨ। ਜਦ ਕਿ ਮਾਤ ਭਾਸ਼ਾ ਹੀ ਸਿੱਖਿਆ, ਗਿਆਨ ਅਤੇ ਹੋਰਨਾਂ ਭਾਸ਼ਾਵਾਂ ਨੂੰ ਸਿੱਖਣ ਦੇ ਦਰਵਾਜ਼ੇ ਖੋਲਦੀ ਹੈ। ਇਹ ਧਾਰਨਾ ਵੀ ਗਲਤ ਖੜੀ ਕੀਤੀ ਜਾ ਰਹੀ ਹੈ ਕਿ ਜੇ ਵਿਦਿਆਰਥੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹ ਵਿਗਿਆਨ ਅਤੇ ਗਣਿਤ ਦੇ ਵਿਸ਼ੇ ਨਹੀਂ ਸਿੱਖ ਸਕੇਗਾ, ਜਦਕਿ ਹਕੀਕਤ ਇਹ ਹੈ ਕਿ ਵਿਗਿਆਨ ਦੇ ਸੰਕਲਪ ਕਿਸੇ ਇੱਕ ਭਾਸ਼ਾ ਜਾਂ ਸਭਿਆਚਾਰ ਨਾਲ ਬੱਝੇ ਹੋਏ ਨਹੀਂ ਹਨ।

ਡੀ.ਟੀ.ਐਫ. ਦੇ ਆਗੂ ਹੰਸ ਰਾਜ ਗੜਸ਼ੰਕਰ, ਸੱਤਪਾਲ ਕਲੇਰ ਹਰਮੇਸ਼ ਭਾਟੀਆ, ਮਨਜੀਤ ਬੰਗਾ, ਰਮੇਸ਼ ਮਲਕੋਵਾਲ  ਨੇ ਕਿਹਾ ਕਿ ਵਿਦੇਸ਼ੀ ਭਾਸ਼ਾ ਨੂੰ ਮਾਧਿਅਮ ਦੀ ਬਜਾਏ ਇੱਕ ਵਿਸ਼ੇ ਵਜੋਂ ਪੜਨਾ ਵਧੇਰੇ ਕਾਰਗਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਸਿੱਖਣਾ ਤਾਂ ਹੀ ਸੰਭਵ ਹੈ ਜੇਕਰ ਮਾਤ ਭਾਸ਼ਾ ਉੱਤੇ ਚੰਗੀ ਮੁਹਾਰਤ ਹਾਸਲ ਹੋ ਚੁੱਕੀ ਹੋਵੇ। ਇਹ ਪ੍ਰਮਾਣਿਤ ਤੱਥ ਹੈ ਕਿ ਮਾਤ ਭਾਸ਼ਾ ਦੀ ਮਜ਼ਬੂਤ ਨੀਂਹ ਨਾਲ ਹੀ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾ ਸਕਦੀ ਹੈ। ਇਸ ਲਈ ਭਾਸ਼ਾ ਮਾਹਿਰਾਂ ਅਤੇ ਮਨੋਵਿਗਿਆਨੀਆਂ ਵੱਲੋਂ ਪੇਸ਼ ਤੱਥਾਂ ਤੋਂ ਉੱਲਟ ਜਾ ਕੇ ਪੰਜਾਬ ਸਰਕਾਰ ਵੱਲੋਂ ਅੰਗਰਜ਼ੀ ਭਾਸ਼ਾ ਉੱਪਰ ਦਿੱਤਾ ਜਾ ਰਿਹਾ ਬੇਲੋੜਾ ਜ਼ੋਰ ਗੈਰ-ਵਿਗਿਆਨਕ ਅਤੇ ਬੱਚੇ ਦੇ ਮਨ ਵਿੱਚ ਮਾਨਸਿਕ ਉਲਝਣਾ ਪੈਦਾ ਕਰਨ ਵਾਲਾ ਵਰਤਾਰਾ ਹੈ ਅਤੇ ਪੰਜਾਬੀ ਭਾਸ਼ਾ ਐਕਟ ਦੀ ਉਲੰਘਣਾ ਵੀ ਹੈ। ਉਹਨਾ ਕਿਹਾ ਕਿ ਜੇਕਰ ਸਰਕਾਰ ਲੋਕਾ ਨੂੰ ਵਿਦਿਆ ਦੇਣੀ ਚਾਹੁੰਦੀ ਹੈ ਤਾ ਉਹ  ਸਿੱਖਿਆ ਅਤੇ ਵਿਦਿਆਰਥੀਆਂ ਤੇ ਤਜਰਬੇ ਕਰਨੇ ਛੱਡ ਕੇ ਪ੍ਰਾਇਮਰੀ ਵਿਭਾਗ ਵਿੱਚ ਪੰਜ ਕਲਾਸਾਂ ਪੰਜ ਅਧਿਆਪਕ ਅਤੇ ਮੁੱਖ ਅਧਿਆਪਕ ਪੱਕੇ ਤੌਰ ਤੇ ਦੇਵੇ।

LEAVE A REPLY

Please enter your comment!
Please enter your name here