ਰਾਜ ਪੱਧਰੀ ਕਮੇਟੀ ਵਲੋਂ ਸਿਵਲ ਹਸਪਤਾਲ ‘ਚ ਆਈ.ਸੀ.ਯੂ.ਸਹੂਲਤ ਦਾ ਜਾਇਜ਼ਾ

ਜਲੰਧਰ (ਦ ਸਟੈਲਰ ਨਿਊਜ਼)। ਕੋਵਿਡ-19 ਦੇ ਮਰੀਜ਼ਾਂ ਲਈ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਆਈ.ਸੀ.ਯੂ. ਅਤੇ ਲੈਵਲ-3 ਦੀ ਸਹੂਲਤ ਨੂੰ ਵਧਾਉਣ ਦੇ ਮੱਦੇਨਜ਼ਰ ਸੂਬਾ ਸਿਹਤ ਸਲਾਹਕਾਰ ਡਾ.ਕੇ.ਕੇ.ਤਲਵਾੜ ਦੀਆਂ ਹਦਾਇਤਾਂ ‘ਤੇ ਗਠਿਤ ਕੀਤੀ ਗਈ ਕਮੇਟੀ ਵਲੋਂ ਅੱਜ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਕਮੇਟੀ ਦੇ ਮੁੱਖੀ ਡਾ.ਬਿਸ਼ਵ ਮੋਹਨ, ਡਾ.ਵਿਸ਼ਾਲ ਚੋਪੜਾ ਅਤੇ ਹੋਰਨਾਂ ਜਿਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ ਵਲੋਂ ਟਰੋਮਾ ਵਾਰਡ ਅਤੇ ਤੀਸਰੀ ਮੰਜ਼ਿਲ ਦਾ ਦੌਰਾ ਕੀਤਾ ਗਿਆ।

Advertisements

ਇਸ ਉਪਰੰਤ ਸ੍ਰੀ ਸਾਰੰਗਲ ਜਿਨਾਂ ਨੂੰ ਖੇਤਰੀ ਹਸਪਤਾਲ ਦਾ ਇੰਚਾਰਜ ਲਗਾਇਆ ਗਿਆ ਹੈ ਵਲੋਂ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈਡਾਂ, ਵੈਂਟੀਲੇਟਰਾਂ ਦੀ ਉਪਲਬੱਧਤਾ, ਆਈ.ਸੀ.ਯੂ.ਸਹੂਲਤ ਵਿੱਚ ਸੁਧਾਰ ਸਬੰਧੀ ਵਿਸਥਾਰ ਨਾਲ ਦਸਿਆ ਗਿਆ। ਇਸ ਮੌਕੇ ਟੀਮ ਵਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਮਰੀਜ਼ਾਂ ਦੀ ਸੁਚਾਰੂ ਢੰਗ ਨਾਲ ਦੇਖ ਭਾਲ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਸਾਰੰਗਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤਣ ਲਈ ਸਭ ਮਿਲ ਕੇ ਕੰਮ ਕਰਨ।

ਸ੍ਰੀ ਸਾਰੰਗਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵਚਨਬੱਧ ਹੈ । ਉਹਨਾਂ ਦੁਹਰਾਇਆ ਕਿ ਜ਼ਿਲਾ ਪ੍ਰਸ਼ਾਸਨ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਾਧਨਾਂ ਅਤੇ ਮਨੁੱਖੀ ਸ਼ਕਤੀ ਨਾਲ ਪੂਰੀ ਤਰਾਂ ਤਿਆਰ ਹੈ ਤੇ ਇਸ ਨੇਕ ਕਾਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਰੂਰ ਜਿੱਤਿਆ ਜਾਵੇਗਾ। ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ, ਡਾ.ਕਸ਼ਮੀਰੀ ਲਾਲ ਅਤੇ ਹੋਰ ਵੀ ਹਾਜ਼ ਸਨ।

LEAVE A REPLY

Please enter your comment!
Please enter your name here