ਅਰੋੜਾ ਦੀ ਅਕਾਲੀਆਂ ਨੂੰ ਨਸੀਹਤ: ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਨਹੀਂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਤਰਨ ਤਾਰਨ, ਅੰਮ੍ਰਿਤਸਰ ਅਤੇ ਬਟਾਲਾ (ਗੁਰਦਾਸਪੁਰ) ਵਿਖੇ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਨਹੀਂ ਹੈ, ਸਗੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਸਾਂਝੇ ਕਦਮ ਪੁੱਟਣ ਦਾ ਹੈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਆਫ਼ਤ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਾਂਗਰਸ ਸਰਕਾਰ ‘ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਬਚਾਉਣ ਦਾ ਦੋਸ਼ ਬਹੁਤ ਹੀ ਮੰਦਭਾਗਾ ਰੁਝਾਨ ਹੈ, ਇਹ ਸਿਰਫ਼ ਸਿਆਸੀ ਲਾਹਾ ਲੈਣ ਦਾ ਹੀ ਚਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਆਪਣਾ ਗੁਆਚਿਆ ਹੋਇਆ ਸਿਆਸੀ ਧਰਾਤਲ ਮੁੜ ਹਾਸਲ ਕਰਨ ਲਈ ਕੁੱਝ ਕਰਕੇ ਦਿਖਾਉਣਾ ਚਾਹੀਦਾ ਹੈ।

Advertisements

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਖ਼ਤ ਕਾਰਵਾਈ ਕੀਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ਖ਼ਤ ਕਾਰਵਾਈ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ 7 ਆਬਕਾਰੀ ਅਤੇ 6 ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤੱਥਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਫ਼ਿਰੋਜ਼ਪੁਰ, ਮਾਨਸਾ, ਮੁਕਤਸਰ ਅਤੇ ਪਟਿਆਲਾ ਜ਼ਿਲਿ੍ਹਆਂ ਦੇ 88 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੱਧ ਵੱਡੀ ਸੱਟ ਵੱਜੀ ਹੈ। ਇੰਨਾ ਹੀ ਨਹੀਂ, ਸੂਬੇ ਨੇ 7420 ਲੀਟਰ ‘ਲਾਹਨ‘, ਹੋਰ ਰਸਾਇਣ ਅਤੇ 1212 ਬੋਤਲਾਂ ਨਾਜਾਇਜ਼ ਸ਼ਰਾਬ ਨੂੰ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸੂਬੇ ਭਰ ਦੀਆਂ ਸਨਅਤੀ ਇਕਾਈਆਂ ‘ਤੇ ਛਾਪੇ ਮਾਰੇ ਜਾ ਰਹੇ ਹਨ ਜੋ ਸ਼ਰਾਬ ਦੇ ਕਾਰੋਬਾਰ ‘ਚ ਲੱਗੇ ਹੋਏ ਵਿਅਕਤੀਆਂ ‘ਤੇ ਸ਼ਿਕੰਜਾ ਕਸਿਆ ਜਾ ਸਕੇ।

ਉਦਯੋਗ ਤੇ ਵਣਜ ਮੰਤਰੀ ਨੇ ਕਿਹਾ ਕਿ ‘‘ਅਕਾਲੀਆਂ ਨੂੰ ਪੰਜਾਬ ਦੇ ਲੋਕਾਂ ਨਾਲ ਅਚਾਨਕ ਪਿਆਰ ਹੋ ਗਿਆ?, ਜਦੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਖੁਦ ਨਸ਼ਿਆਂ ਦੇ ਕਾਰੋਬਾਰ ਵਿੱਚ ਡੂੰਘੀ ਤਰ੍ਹਾਂ ਸ਼ਮੂਲੀਅਤ ਕਰ ਰਹੇ ਸਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤਸਕਰਾਂ ਨਾਲ ਮਿਲੇ ਹੋਏ ਸਨ, ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੁਆਰਾ ਕੀਤੇ ਪਾਪਾਂ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ। ਬੇਅਦਬੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਹੋਈ ਗੋਲੀਬਾਰੀ, ਸਾਰੇ ਹੀ ਅਕਾਲੀਆਂ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਧੋਖੇ ਦਾ ਪ੍ਰਤੱਖ ਪ੍ਰਮਾਣ ਹੈ ਅਤੇ ਹੁਣ ਅਕਾਲੀਆਂ ਨੇ ਕਾਂਗਰਸ ਸਰਕਾਰ ਵੱਲ ਨਿਸ਼ਾਨਾ ਸੇਧਿਆ ਹੈ ਜਦਕਿ ਉਨ੍ਹਾਂ ਦੇ ਆਪਣੇ ਕਾਰਜਕਾਲ ‘ਚ ਇਹ ਘਟਨਾਵਾਂ ਵਾਪਰ ਚੁੱਕੀਆਂ ਹਨ।‘‘

ਇਸ ਦੁਖਾਂਤ ‘ਚ ਨਿਰਦੋਸ਼ਾਂ ਦੀ ਮੌਤ ਬਾਰੇ ਨਾਂਹਪੱਖੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਉਹ ਇੱਕ ਪਲ ਲਈ ਤਾਂ ਸਿਆਸੀ ਮੁਫ਼ਾਦ ਇੱਕ ਪਾਸੇ ਰੱਖ ਦੇਣ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਰੋਧਤਾਈਆਂ ਅਕਾਲੀਆਂ ਨੂੰ ਸੱਤਾ ਦੀ ਪੌੜੀ ਚੜ੍ਹਨ ‘ਚ ਸਹਾਇਤਾ ਨਹੀਂ ਕਰ ਸਕਦੀਆਂ।

LEAVE A REPLY

Please enter your comment!
Please enter your name here