ਸਿਹਤ ਮੰਤਰੀ ਵਲੋਂ 16 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਤਿੰਨ ਨਵੇਂ ਕਮਿਊਨਿਟੀ ਸਿਹਤ ਕੇਂਦਰ ਜਲੰਧਰ ਨੂੰ ਸਮਰਪਿਤ

ਜਲੰਧਰ (ਦ ਸਟੈਲਰ ਨਿਊਜ਼)। ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਕੋਵਿਡ ਦੇ ਵੱਧ ਰਹੇ ਕੇਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ.ਬਲਬੀਰ ਸਿੰਘ ਸਿੱਧੂ ਵਲੋਂ ਅੱਜ 16 ਕਰੋੜ ਰੁਪਏ ਦੀ ਲਾਗਤ ਨਾਲ ਦਾਦਾ ਕਲੋਨੀ, ਬਸਤੀ ਗੁਜਾਂ ਅਤੇ ਖੁਰਲਾ ਕਿੰਗਰਾ ਵਿਖੇ ਤਿਆਰ ਕੀਤੇ ਗਏ ਤਿੰਨ ਨਵੇਂ ਕਮਿਊਨਿਟੀ ਸੈਂਟਰ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਦੇ ਇਲਾਜ ਲਈ ਸਮਰਪਿਤ ਕੀਤੇ ਗਏ। ਇਹਨਾਂ ਤਿੰਨਾਂ ਕਮਿਊਨਿਟੀ ਸੈਂਟਰਾਂ ਵਿੱਚ 80 ਬੈਡ ਮੌਜੂਦ ਹਨ ਜਿਹਨਾਂ ਵਿੱਚ 30 ਬੈਡ ਦਾਦਾ ਕਲੋਨੀ, 30 ਬੈਡ ਬਸਤੀ ਗੁਜਾਂ ਅਤੇ 20 ਬੈਡ ਖੁਰਲਾ ਕਿੰਗਰਾ ਕਮਿਊਨਿਟੀ ਸੈਂਟਰ ਵਿਖੇ ਉਪਲੱਬਧ ਹਨ ਜੋ ਕਿ ਸਾਰੇ ਪਾਈਪ ਰਾਹੀਂ ਆਕਸੀਜ਼ਨ ਸਪਲਾਈ ਦੀ ਸਹੂਲਤ ਨਾਲ ਪੂਰੀ ਤਰਾਂ ਲੈਸ ਹਨ।

Advertisements

ਇਸ ਮੌਕੇ ਸਿਹਤ ਮੰਤਰੀ ਪੰਜਾਬ ਦੇ ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ  ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਰਾਜਿੰਦਰ ਬੇਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ, ਡਿਪਟੀ ਕਮਿਸ਼ਨਰ  ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਹੋਰ ਵੀ ਸ਼ਾਮਿਲ ਸਨ, ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਵਿਡ ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਇਹਨਾਂ ਤਿੰਨ ਨਵੇਂ ਕਮਿਊਨਿਟੀ ਸਿਹਤ ਕੇਂਦਰਾਂ ਦੇ ਸ਼ੁਰੂ ਹੋ ਜਾਣ ਨਾਲ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਲਈ ਬੈਡਾਂ ਦੀ ਸਮਰੱਥਾ ਵਿੱਚ ਵਾਧਾ ਹੋਣ ਨਾਲ ਇਨਾਂ ਦੀ ਗਿਣਤੀ 364 ਹੋ ਗਈ ਹੈ, ਜਦਕਿ ਪਹਿਲਾਂ ਸਿਵਲ ਹਸਪਤਾਲਾਂ ਵਿੱਚ ਇਹ ਗਿਣਤੀ 284 ਬੈਡ ਸੀ।

ਸ਼੍ਰੀ ਸਿੱਧੂ ਨੇ ਕਿਹਾ ਕਿ ਇਹਨਾਂ ਤਿੰਨਾਂ ਕਮਿਊਨਟੀ ਸਿਹਤ ਕੇਂਦਰਾਂ ਵਿੱਚ ਮੌਜੂਦ 80 ਬੈਡਾਂ ਨੂੰ ਪਾਈਪ ਰਾਹੀਂ ਆਕਸੀਜ਼ਨ ਸਪਲਾਈ ਨਾਲ ਲੈਸ ਕੀਤਾ ਗਿਆ ਹੈ ਜੋ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਮੁੱਢਲੀ ਜਰੂਰਤ ਹੈ। ਉਹਨਾਂ ਕਿਹਾ ਕਿ ਇਨਾਂ ਸਿਹਤ ਕੇਂਦਰਾਂ ਵਲੋਂ ਕੋਵਿਡ-19 ਖਿਲਾਫ਼ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ।  ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ-19 ਦੇ ਲੱਛਣਾ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਜਦੋਂ ਵੀ ਇਸ ਬਿਮਾਰੀ ਸਬੰਧੀ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਤੋਂ ਇਲਾਵਾ ਕੋਵਿਡ ਟੈਸਟ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਵਲੋਂ ਦੇਰੀ ਨਾਲ ਡਾਕਟਰ ਨਾਲ ਸੰਪਰਕ ਕੀਤਾ ਜਾਂਦਾ ਹੈ, ਤਾਂ ਉਨਾਂ ਦੀ ਹਾਲਤ ਬਹੁਤ ਵਿਗੜ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਾਸ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਫੰਡਾਂ ਅਤੇ ਸਾਧਨਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਮਨਾਫ਼ਾਖੋਰੀ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਸਰਗਰਮ ਮਰੀਜ਼ਾਂ ਅਤੇ ਘਰਾਂ ਵਿੱਚ ਇਕਾਂਤਵਾਸ ਹੋਏ ਲੋਕਾਂ ਨੂੰ 50,000 ਮੁਫ਼ਤ ਕੋਵਿਡ ਕੇਅਰ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਹਨਾਂ ਦੱਸਿਆ ਕਿ ਇਹਨਾਂ ਕਿੱਟਾਂ ਵਿੱਚ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜਰੂਰੀ ਦਵਾਈਆਂ ਮੌਜੂਦ ਹੋਣਗੀਆਂ। ਸ਼੍ਰੀ ਸਿੱਧੂ ਨੇ ਕਿਹਾ ਕਿ ਜਲੰਧਰ ਦੀ ਟੀਮ ਵਲੋਂ ਨੋਵੇਲ ਕੋਰੋਨਾ ਵਾਇਰਸ ਦੇ ਟਾਕਰੇ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਯਤਨ ਉਦੋਂ ਤੱਕ ਜਾਰੀ ਰਹਿਣੇ ਚਾਹੀਦੇ ਹਨ, ਜਦੋਂ ਤੱਕ ਕੋਰੋਨਾ ਵਾਇਰਸ ਪੂਰੀ ਤਰਾਂ ਖ਼ਤਮ ਨਹੀਂ ਹੋ ਜਾਂਦਾ।
ਉਹਨਾਂ ਦੱਸਿਆ ਕਿ ਸਹੂਲਤਾਂ ਜਿਵੇਂ ਕਿ ਆਪਰੇਸ਼ਨ ਥਿਏਟਰ, ਐਮਰਜੰਸੀ ਵਾਰਡ, ਡਿਸਪੈਂਸਰੀ, ਫੀਮੇਲ ਅਤੇ ਮੇਲ ਵਾਰਡ, ਐਲੀਵੇਟਰ ਅਤੇ ਹੋਰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਉਪ ਚੇਅਰਮੈਨ  ਬੌਬੀ ਸਹਿਗਲ, ਡਿਪਟੀ ਮੇਅਰ  ਹਰਸਿਮਰਨਜੀਤ ਸਿੰਘ ਬੰਟੀ, ਉਪ ਮੰਡਲ ਮੈਜਿਸਟਰੇਟ  ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ, ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ, ਡਾ.ਜਗਦੀਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ  ਸੁਖਚੈਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here