ਨਵੀਂ ਸਿੱਖਿਆ ਨੀਤੀ–2020 ਸੁਆਮੀ ਵਿਵੇਕਾਨੰਦ ਦੇ ਆਦਰਸ਼ਾਂ ਨੂੰ ਕਰਦੀ ਹੈ ਪ੍ਰਤੀਬਿੰਬਤ: ਉਪ ਰਾਸ਼ਟਰਪਤੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸ਼ਾਨਦਾਰ ਕਾਰਗੁਜ਼ਾਰੀ ਦੀ ਇੱਛਾ ਜ਼ਰੂਰ ਹੀ ਸਾਡੀ ਵਿੱਦਿਅਕ ਪ੍ਰਣਾਲੀ ਦਾ ਇੱਕ ਅਟੁੱਟ ਅੰਗ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਇੱਛਾ ਸਾਡੇ ਵਿੱਦਿਅਕ ਅਦਾਰਿਆਂ ਦੇ ਸੱਭਿਆਚਾਰ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ।

Advertisements

ਉਹ ‘ਵਿਵੇਕਾਨੰਦ ਇੰਸਟੀਟਿਊਟ ਆਵ੍ ਹਿਊਮਨ ਐਕਸੇਲੈਂਸ’ (VIHE), ਰਾਮਕ੍ਰਿਸ਼ਨ ਮੱਠ ਹੈਦਰਾਬਾਦ ਦੇ 21ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਮੌਕੇ ਅੱਜ ਨਵੀਂ ਦਿੱਲੀ ਤੋਂ ਵਰਚੁਅਲੀ ਸੰਬੋਧਨ ਕਰ ਰਹੇ ਸਨ।
ਸ੍ਰੀ ਨਾਇਡੂ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸ਼ਾਨਦਾਰ ਕਾਰਗੁਜ਼ਾਰੀ ਸਿਰਫ਼ ਅਨੁਸ਼ਾਸਨ, ਇਕਾਗਰ ਮਨ ਨਾਲ ਧਿਆਨ ਕੇਂਦ੍ਰਿਤ ਕਰ ਕੇ ਤੇ ਦ੍ਰਿੜ੍ਹ ਇਰਾਦੇ ਨਾਲ ਕੀਤੇ ਯਤਨਾਂ ਨਾਲ ਹੀ ਦੇਖਣ ਨੂੰ ਮਿਲਦੀ ਹੈ; ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਰਾਸ਼ਟਰ ਵਜੋਂ ਸਾਡੀ ਯਾਤਰਾ ਦੇ ਇਸ ਔਖੇ ਸਮੇਂ ਸ਼ਾਨਦਾਰ ਕਾਰਗੁਜ਼ਾਰੀ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਇਲਾਵਾ ਵਿਚਕਾਰਲਾ ਜਾਂ ਹੋਰ ਕੋਈ ਵਿਕਲਪ ਨਹੀਂ ਹੈ।
‘ਵਿਸ਼ਵ ਧਾਰਮਿਕ ਸੰਸਦ’ ’ਚ ਸੁਆਮੀ ਵਿਵੇਕਾਨੰਦ ਦੇ ਸੰਬੋਧਨ ਦੀ 127ਵੀਂ ਵਰ੍ਹੇਗੰਢ ਦੀ ਪੂਰਵ–ਸੰਧਿਆ ਮੌਕੇ ਸ੍ਰੀ ਨਾਇਡੂ ਨੇ ਚੇਤੇ ਕਰਵਾਉਂਦਿਆਂ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ਼ਿਕਾਗੋ ਦੇ ਉਸ ਇਤਿਹਾਸਿਕ ਆਰਟ ਇੰਸਟੀਟਿਊਟ ਵਿੱਚ ਭਾਸ਼ਣ ਦੇਣ ਦਾ ਮੌਕਾ ਮਿਲਿਆ ਸੀ, ਜਿੱਥੇ ਸੁਆਮੀ ਵਿਵੇਕਾਨੰਦ ਨੇ 1893 ’ਚ ਆਪਣਾ ਪ੍ਰਸਿੱਧ ਭਾਸ਼ਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਵੇਦਾਂਤ ਦੇ ਪ੍ਰਾਚੀਨ ਭਾਰਤੀ ਵਿਚਾਰਧਾਰਾ ਉੱਤੇ ਪ੍ਰਭਾਵ ਛੱਡਣ ਵਾਲੇ ਦਰਸ਼ਨ ਅਤੇ ਸਰਬਵਿਆਪਕਤਾ ਦੀ ਭਾਵਨਾ, ਸਹਿਣਸ਼ੀਲਤਾ ਤੇ ਪ੍ਰਵਾਨਗੀ ਦੇ ਮਹੱਤਵ ਬਾਰੇ ਪੂਰੀ ਦੁਨੀਆ ਨੂੰ ਦੱਸਿਆ।

ਉਪ ਰਾਸ਼ਟਰਪਤੀ ਨੇ ਦੱਸਿਆ ਕਿ ਉਹ ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਦਿਨਾਂ ਤੋਂ ਹੀ ਸੁਆਮੀਜੀ ਦੀਆਂ ਸਿੱਖਿਆਵਾਂ ਦੇ ਪੈਰੋਕਾਰ ਰਹੇ ਸਨ ਅਤੇ ਧਰਮ, ਅਧਿਆਤਮਿਕਤਾ, ਰਾਸ਼ਟਰਵਾਦ, ਸਿੱਖਿਆ, ਦਰਸ਼ਨ, ਸਮਾਜ ਸੁਧਾਰ, ਗ਼ਰੀਬੀ ਦਾ ਖ਼ਾਤਮਾ ਤੇ ਆਮ ਜਨਤਾ ਦੇ ਸਸ਼ਕਤੀਕਰਣ ਬਾਰੇ ਸੁਆਮੀਜੀ ਦੇ ਵਿਚਾਰਾਂ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ।

ਉਪ ਰਾਸ਼ਟਰਪਤੀ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਅੱਗੇ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਰਾਸ਼ਟਰ ਦੀ ਆਤਮਾ ‘ਤੇ ਉਸ ਦੇ ਸੱਭਿਆਚਾਰ ਦੀ ਪ੍ਰਕਿਰਤੀ ਨੂੰ ਸਮਝਿਆ ਅਤੇ ਸਨਾਤਨ ਧਰਮ ਦੀਆਂ ਅਧਿਆਤਮਕ ਨੀਂਹਾਂ ਵਿੱਚ ਮੌਜੂਦ ਉੱਚ ਪਾਏ ਦੇ ਆਦਰਸ਼ਾਂ ਉੱਤੇ ਉਸ ਦੀ ਮੁੜ ਉਸਾਰੀ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ,‘ਉਨ੍ਹਾਂ ਧਾਰਮਿਕ ਸ਼ੁੱਧਤਾ, ਅਧਿਆਤਮਿਕ ਮੋਕਸ਼ ਤੇ ਸਮਾਜਿਕ ਪੁਨਰ–ਉਥਾਨ ਰਾਹੀਂ ਰਾਸ਼ਟਰੀ ਕਾਇਆ–ਕਲਪ ਲਈ ਅਣਥੱਕ ਤਰੀਕੇ ਨਾਲ ਕੰਮ ਕੀਤਾ।’

ਉਨ੍ਹਾਂ ਕਿਹਾ ਕਿ ਸੁਆਮੀਜੀ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੇ ਮਿਸ਼ਵ ਨੂੰ ਸਦੀਵੀ ਮਾਰਗ ਦਿਖਾਉਂਦੇ ਹਨ, ਇਸੇ ਲਈ ਨੌਜਵਾਨਾਂ ਨੂੰ ਸੁਆਮੀ ਵਿਵੇਕਾਨੰਦ ਦੇ ਜੀਵਨ ਤੇ ਬਚਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੇ ਸੰਦੇਸ਼ ਦੀ ਦਿਲੋਂ ਤੇ ਰੂਹ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਇਹ ਵੀ ਵਿਚਾਰ ਸੀ ਕਿ ਸਾਨੂੰ ਹੋਰ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਦੀ ਜ਼ਰੂਰਤ ਹੈ ਜਿਹੜੇ ਸੁਆਮੀ ਵਿਵੇਕਾਨੰਦ ਤੇ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਜਿਹੀਆਂ ਵੱਡੀਆਂ ਸ਼ਖ਼ਸੀਅਤਾਂ ਦੀਆਂ ਸਰਬਵਿਆਪਕ ਸਿੱਖਿਆਵਾਂ ਨੂੰ ਪੜ੍ਹਾਉਣ ਤੇ ਆਮ ਆਦਮੀ ਲਈ ਉਨ੍ਹਾਂ ਦੀਆਂ ਵਿਆਖਿਆਵਾਂ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜੀਵਨ ਦਾ ਅਰਥ ਤੇ ਧਨ ਦਾ ਉਦੇਸ਼ ਸਮਝ ਕੇ ਲੋੜਵੰਦਾਂ ਤੇ ਵਾਂਝੇ ਰਹੇ ਲੋਕਾਂ ਦੀ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇ ਅਸੀਂ 21ਵੀਂ ਸਦੀ ਦੀਆਂ ਬਹੁਤ ਸਾਰੀਆਂ ਭਿਆਨਕ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨਾ ਚਾਹੁੰਦੇ ਹਾਂ, ਤਾਂ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਦੀ ਮੁੜ ਕਲਪਨਾ ਕਰਨ, ਮੁੜ ਖੋਜ ਕਰਨ ਤੇ ਉਸ ਨੂੰ ਮੁੜ ਤਿਆਰ ਕਰਨ ਦੀ ਜ਼ਰੂਰਤ ਹੈ। ਭਾਰਤ ਸਾਹਵੇਂ ਮੌਜੂਦ ਜਨਸੰਖਿਆ ਦੇ ਅੰਕੜਿਆਂ ਨਾਲ ਸਬੰਧਿਤ ਲਾਭ–ਅੰਸ਼ ਬਾਰੇ ਚੇਤੇ ਕਰਵਾਉਂਦਿਆਂ ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਰਾਸ਼ਟਰ ਨੂੰ ਕਿਸੇ ਵੀ ਹਾਲਤ ਵਿੱਚ ਇਸ ਮਹਾਨ ਪ੍ਰਤੀਯੋਗੀ ਲਾਭ ਦਾ ਲਾਹਾ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਤਲਬ ਸਿਰਫ਼ ਜਿਊਣਾ ਤੇ ਇੱਕ ਸੁਵਿਧਾਜਨਕ ਜੀਵਨ ਜਿਊਣਾ ਨਹੀਂ ਹੈ। ਉਨ੍ਹਾਂ ਕਿਹਾ,‘ਵਧੇਰੇ ਮਹੱਤਵਪੂਰਣ ਗੱਲ ਇਹ ਹੈ ਕਿ ਸਿੱਖਿਆ ਇੱਕ ਵਿਅਕਤੀ ਨੂੰ ਜ਼ਰੂਰ ਹੀ ਦ੍ਰਿੜ੍ਹ, ਨੈਤਿਕ ਹੌਸਲੇ, ਸ਼ਾਂਤ–ਚਿੱਤ, ਦਯਾ ਭਾਵ ਤੇ ਅਧਿਆਤਮਕ ਸ਼ਕਤੀ ਨਾਲ ਭਰਪੂਰ ਤੇ ਹਰ ਪੱਖੋਂ ਵਿਕਸਤ ਬਣਾਉਣ ਦੇ ਯੋਗ ਹੋਣੀ ਚਾਹੀਦੀ ਹੈ।’

ਉਪ ਰਾਸ਼ਟਰਪਤੀ ਨੇ ਨਵੀਨਤਾ ਭਰਪੂਰ ਵਿਚਾਰਾਂ ਨਾਲ ਲੈਸ ਹੋਣ, ਉੱਦਮਤਾ ਦੀ ਯੋਗਤਾ ਨੂੰ ਹੱਲਾਸ਼ੇਰੀ ਦੇਣ ਅਤੇ ਸਾਡੇ ਦੇਸ਼ ਦੀ ਅਮੀਰ ਵਿਰਾਸਤ ਬਾਰੇ ਡੂੰਘੀ ਤਰ੍ਹਾਂ ਜਾਗਰੂਕ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਜ਼ਰੂਰ ਹੀ ਇੱਕ ਸੰਗਠਤ ਵਿਅਕਤੀ ਦੀ ਸਿਰਜਣਾ ਹੋਣੀ ਚਾਹੀਦੀ ਹੈ, ਇੱਕ ਅਜਿਹਾ ਵਿਅਕਤੀ ਜੋ ਦਇਆ–ਭਾਵਨਾ ਰੱਖਦਾ ਹੋਵੇ, ਚੁਸਤ, ਯੋਗ, ਸਨਿਮਰ ਤੇ ਸਖ਼ਤ ਮਿਹਨਤੀ ਹੋਵੇ, ਇੱਕ ਅਜਿਹਾ ਵਿਅਕਤੀ ਹੋਵੇ ਜੋ ਨਵੇਂ ਵਿਚਾਰਾਂ ਨੂੰ ਅਸਾਨੀ ਨਾਲ ਅਪਣਾ ਸਕੇ, ਵਿਭਿੰਨ ਦ੍ਰਿਸ਼ਟੀਕੋਣਾਂ ਪ੍ਰਤੀ ਸਹਿਣਸ਼ੀਲ ਹੋਵੇ ਅਤੇ ਵਿਸ਼ਵ ਸ਼ਾਂਤੀ ਤੇ ਤਾਲਮੇਲ ਨਾਲ ਭਰਪੂਰ, ਸਮੂਹਕ ਮਨੁੱਖੀ ਪ੍ਰਗਤੀ ਲਈ ਵਚਨਬੱਧ ਹੋਵੇ।

ਸਿੱਖਿਆ ਨੂੰ ਸੱਚ ਦੀ ਨਿਰੰਤਰ ਤੇ ਅਣਥੱਕ ਖੋਜ ਅਤੇ ਮਨੁੱਖੀ ਸਥਿਤੀ ਵਿੱਚ ਲਗਾਤਾਰ ਸੁਧਾਰ ਲਿਆਉਣ ਵਾਲੀ ਦੱਸਦਿਆਂ ਕਿਹਾ ਕਿ ਸੱਚੀ ਸਿੱਖਿਆ ਜ਼ਰੂਰ ਹੀ ਸਾਡੇ ਬੱਚਿਆਂ ਨੂੰ ਇੰਨੀ ਕੁ ਸਸ਼ਕਤ ਬਣਾਉਣ ਦੇ ਯੋਗ ਹੋਣੀ ਚਾਹੀਦੀ ਹੈ ਕਿ ਉਹ ਜ਼ਿੰਮੇਵਾਰ ਬਣਨ, ਸਮਾਜ ਲਈ ਫ਼ਿਕਰਮੰਦ ਹੋਣ, ਸਿਰਫ਼ ਭਾਰਤ ’ਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ’ਚ ਯੋਗਦਾਨ ਪਾਉਣ।

ਉਨ੍ਹਾਂ ਦਾ ਵਿਚਾਰ ਸੀ ਕਿ ਸਿੱਖਿਆ ਨੂੰ ਸਾਡੇ ਨੌਜਵਾਨਾਂ ਵਿੱਚ ਜ਼ਰੂਰ ਹੀ ਆਲੋਚਨਾਤਮਕ ਸੋਚਣ ਦੀ ਸ਼ਕਤੀ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਣੀ ਚਾਹੀਦੀ ਹੈ, ਉਸ ਨੂੰ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਸਪੱਸ਼ਟ ਤੌਰ ’ਤੇ ਸ਼ਨਾਖ਼ਤ ਕਰਨੀ ਚਾਹੀਦੀ ਹੈ ਜੋ ਮਨੁੱਖ ਜਾਤੀ ਲਈ ਔਕੜਾਂ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਪਰਿਭਾਸ਼ਿਤ ਹੱਲ ਦੱਸਣੇ ਚਾਹੀਦੇ ਹਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਜ਼ਰੂਰ ਹੀ ਸਾਡੇ ਬੱਚਿਆਂ ਨੂੰ ਆਪਣੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਉੱਤੇ ਮਾਣ ਕਰਨ ਹਿਤ ਉਤਸ਼ਾਹਿਤ ਕਰਨ ਯੋਗ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਾਡੀਆਂ ਜੁੱਗਾਂ ਪੁਰਾਣੀਆਂ ਕਦਰਾਂ–ਕੀਮਤਾਂ ਤੇ ਨੈਤਿਕਤਾਵਾਂ ਦੇ ਵਿਸ਼ਵ–ਰਾਜਦੂਤ ਬਣਨ ਲਈ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਅਰੰਭਲੇ ਸਾਲਾਂ ਦੌਰਾਨ ਉਨ੍ਹਾਂ ਦੀ ਮਾਤ–ਭਾਸ਼ਾ ਵਿੱਚ ਹੀ ਪੜ੍ਹਾਉਣ ਦਾ ਸੱਦਾ ਵੀ ਦਿੱਤਾ।

ਸ੍ਰੀ ਨਾਇਡੂ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ–2020 ਸੁਆਮੀ ਵਿਵੇਕਾਨੰਦ ਦੇ ਆਦਰਸ਼ਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਨੀਤੀ ਭਾਰਤ ਨੂੰ ਜਨਸੰਖਿਆ ਦੇ ਅੰਕੜਿਆਂ ਦੇ ਲਾਭ ਹਿਤ ਸੁਵਿਧਾਜਨਕ ਹੋਵੇਗੀ ਤੇ ਦੇਸ਼ ਨੂੰ 21ਵੀਂ ਸਦੀ ਵਿੱਚ ਗਿਆਨ ਤੇ ਨਵੀਨਤਾ (ਇਨੋਵੇਸ਼ਨ) ਦਾ ਧੁਰਾ ਬਣਾਏਗੀ। ਇਸ ਮੌਕੇ ਸੁਆਮੀ ਗੌਤਮਾਨੰਦਜੀ ਮਹਾਰਾਜ, ਮੀਤ–ਪ੍ਰਧਾਨ, ਰਾਮਕ੍ਰਿਸ਼ਨ ਮੱਠ ਤੇ ਰਾਮਕ੍ਰਿਸ਼ਨ ਮਿਸ਼ਨ, ਬੇਲੂਰ ਮੱਠ, ਸੁਆਮੀ ਗਿਆਨਦਨੰਦ, ਅਧਿਅਕਸ਼, ਰਾਮਕ੍ਰਿਸ਼ਨ ਮੱਠ, ਹੈਦਰਾਬਾਦ, ਸੁਆਮੀ ਬੌਧਮਯਾਨੰਦ, ਡਾਇਰੈਕਟਰ ਵਿਵੇਕਾਨੰਦ ਇੰਸਟੀਚਿਊਟ ਆਵ੍ ਹਿਊਮਨ ਐਕਸੇਲੈਂਸ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

LEAVE A REPLY

Please enter your comment!
Please enter your name here