ਹੁਣ ਅਣ ਅਧਿਕਾਰਤ ਗੁਰੂ ਨਾਨਕ ਕਾਲੋਨੀ ਵਿਚਲੀ ਜ਼ਮੀਨ ਦੀ ਰਜ਼ਿਸਟਰੀ ਕਰਵਾਉਣ ਵਾਲ਼ੇ ‘ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ: ਵਸ਼ਿਸ਼ਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਣ ਅਧਿਕਾਰਤ ਗੁਰੂ ਨਾਨਕ ਕਾਲੋਨੀ, ਆਦਮਵਾਲ਼ ਰੋਡ, ਬਹਾਦੁਰਪੁਰ, ਹੁਸ਼ਿਆਰਪੁਰ ਦੇ ਮਾਲਕ ਕਾਲੋਨਾਈਜ਼ਰ ਅਵਤਾਰ ਸਿੰਘ ਅਤੇ ਉਸਦੇ ਸਾਥੀਆ ਦੇ ਇੱਕ ਹੋਰ ਬਹੁਤ ਹੀ ਗੰਭੀਰ ਘੁਟਾਲ਼ੇ ਦਾ ਪਰਦਾ ਫ਼ਾਸ਼ ਉਦੋਂ ਹੋਇਆ ਜਦੋਂ ਇੱਕ ਭੁਗਤ ਭੋਗੀ ਨਾਲ ਕੀਤੇ ਇੱਕ ਇਕਰਾਰਨਾਮੇ ਦੀ ਕਾਪੀ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਪੰਜਾਬ ਕੋਲ਼ ਪਹੁੰਚੀ। ਇਸ ਇਕਰਾਰਨਾਮੇ ਨੂੰ ਵਾਚਣ ‘ਤੇ ਜਿਨਾਂ ਹੈਰਾਨੀ ਜਨਕ ਤੱਥਾਂ ਦਾ ਖ਼ੁਲਾਸਾ ਹੋਇਆ ਹੈ ਉਹ ਇਸ ਕਾਲੋਨਾਈਜ਼ਰ ਦੇ ਕਥਿਤ ਰੂਪ ਨਾਲ਼ ਵੱਡੇ ਰਾਜਸੀ ਅਤੇ ਪ੍ਰਸ਼ਾਸਨਿਕ ਅਸਰੋ ਰਸੂਖ਼ ਦੀ ਸ਼ਾਹਦੀ ਭਰਦੀਆਂ ਹਨ। ਇਸ ਇਕਰਾਰਨਾਮੇ ਅਨੁਸਾਰ ਅਵਤਾਰ ਸਿੰਘ ਨੇ ਮਿਤੀ: 16.01.2020 ਨੂੰ ਇੱਕ ਖ਼ਰੀਦਾਰ ਨਾਲ਼ 1591 ਵਰਗ ਫ਼ੁੱਟ ਰਕਬੇ ਦਾ 1,25,000 ਰੁ. ਪ੍ਰਤੀ 207 ਵ: ਫ਼ੁੱਟ ਦੇ ਰੇਟ ਅਨੁਸਾਰ 9,60,749 ਰੁ. ਦਾ ਇੱਕ ਬਿਆਨਾ ਕੀਤਾ।

Advertisements

ਦੋ ਲੱਖ ਰੁ. ਨਕਦ ਵਸੂਲ ਲਏ ਅਤੇ ਬਾਕੀ ਰਕਮ ਰਜ਼ਿਸਟਰੀ/ ਬੈਨਾਮੇ ਮੌਕੇ ਲੈਣ ਦਾ ਇਕਰਾਰ ਕਰਦਿਆਂ ਰਜ਼ਿਸਟਰੀ/ ਬੈਨਾਮਾ ਮਿਤੀ: 15.08.2020 ਤੱਕ ਕਰਵਾਉਣ ਦਾ ਇਕਰਾਰ ਵੀ ਕੀਤਾ। ਇਕਰਾਰਨਾਮੇ ਅਨੁਸਾਰ ਅਵਤਾਰ ਸਿੰਘ ਨੇ ਜਿਨਾਂ ਖਸਰਾ ਨੰਬਰਾਂ ਤਹਿਤ ਇਹ ਬਿਆਨਾ ਕੀਤਾ ਉਸ ਸਬੰਧੀ ਉਸਨੇ ਮਾਲਕੀ ਆਪਣੀ ਖ਼ਰੀਦ ਸ਼ੁਦਾ ਘੋਸ਼ਿਤ ਵੀ ਕੀਤੀ। ਇਹਨਾਂ ਤੱਥਾ ਦਾ ਖ਼ੁਲਾਸਾ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਪੰਜਾਬ ਦੀ ਵਾਈਸ ਚੇਅਰਪਰਸਨ ਸਾਕਸ਼ੀ ਵਸ਼ਿਸ਼ਟ ਨੇ ਕਰਦਿਆਂ ਅਤੇ ਇਕਰਾਰਨਾਮੇ ਦੀ ਕਾਪੀ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ ਕਿ ਹੁਣ ਅਸਲ ਤੱਥ ਇਹ ਹੈ ਕਿ ਅੱਜ ਦੀ ਤਰੀਕ ਤੱਕ ਵੀ ਇਸ ਇਕਰਾਰਨਾਮੇ ਵਿਚ ਦਰਸਾਏ ਖ਼ਸਰਾ ਨੰਬਰਾਂ ਤਹਿਤ ਆਉਂਦੀ ਜ਼ਮੀਨ ‘ਚੋ ਇੱਕ ਇੰਚ ਜ਼ਮੀਨ ਦਾ ਵੀ ਮਾਲਿਕ ਅਵਤਾਰ ਸਿੰਘ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਅਵਤਾਰ ਸਿੰਘ ਨੇ ਕਥਿਤ ਰੂਪ ਨਾਲ਼ ਅਜਿਹੇ ਸੈਂਕੜੇ ਇਕਰਾਰਨਾਮੇ ਕਰਕੇ ਖ਼ਰੀਦਾਰਾਂ ਨਾਲ਼ ਕਰੋੜਾ ਰੁਪਏ ਦੀ ਵੱਡੇ ਪੱਧਰ ‘ਤੇ ਧੋਖਾ ਧੜੀ ਕੀਤੀ ਹੈ। ਅਜਿਹੇ ਇਕਰਾਰਨਾਮਾ ਕਰਤਾਵਾਂ ਨੂੰ ਜਿਵੇਂ-ਜਿਵੇਂ ਇਸ ਧੋਖਾ ਧੜੀ ਦੀ ਜਾਣਕਾਰੀ ਮਿਲ ਰਹੀ ਹੈ, ਉਨਾਂ ਵਿੱਚ ਬੇਚੈਨੀ ਫੈਲ ਰਹੀ ਹੈ ਤੇ ਉਹ ਆਪਣੇ ਬਿਆਨੇ ਦੀ ਰਕਮ ਵਾਪਸ ਲੈਣ ਲਈ ਕਾਲੋਨਾਈਜ਼ਰ ਤੱਕ ਪਹੁੰਚ ਬਣਾ ਰਹੇ ਹਨ।

ਗੌਰਤਲਬ ਹੈ ਕਿ ਉੱਘੇ ਸਮਾਜ ਸੇਵੀ ਅਤੇ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਪੰਜਾਬ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਦੀ ਸ਼ਿਕਾਇਤ ਅਤੇ ਪਹਿਲ ਕਦਮੀਂ ਸਦਕਾ ਇਸ ਕਾਲੋਨੀ ਨੂੰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਮਿਤੀ: 16.06.2020 ਨੂੰ ਅਣ ਅਧਿਕਾਰਤ ਘੋਸ਼ਿਤ ਕਰ ਦਿੱਤਾ ਗਿਆ ਸੀ। ਮੁੜ ਇਸ ਕਾਲੋਨੀ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਦੇ ਨਾਲ਼ ਇੱਕ ਨੋਟਿਸ ਬੋਰਡ ਵੀ ਲਗਵਾ ਦਿੱਤਾ ਗਿਆ ਸੀ ਜਿਸ ਅਨੁਸਾਰ-ਗੁਰੂ ਨਾਨਕ ਕਾਲੋਨੀ ਆਦਮਵਾਲ਼ ਰੋਡ, ਬਹਾਦੁਰਪੁਰ, ਹੁਸ਼ਿਆਰਪੁਰ ਇੱਕ ਅਣ ਅਧਿਕਾਰਤ ਕਾਲੋਨੀ ਹੈ। ਇਸ ਕਾਲੋਨੀ ਵਿੱਚ ਪਲਾਟ ਖ਼ਰੀਦਣ ਤੋਂ ਪਹਿਲਾਂ ਨਗਰ ਨਿਗਮ ਹੁਸ਼ਿਆਰਪੁਰ ਪਾਸੋਂ ਮਨਜ਼ੂਰੀ ਲਈ ਜਾਵੇ। ਬਿਨਾਂ ਮਨਜ਼ੂਰੀ ਤੋਂ ਪਲਾਟ ਦੀ ਖ਼ਰੀਦ ਕਰਨ ਵਾਲ਼ੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ਼ ਹੀ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਵੀ ਇਸ ਕਾਲੋਨੀ ਵਿੱਚ ਕਿਸੇ ਵੀ ਪ੍ਰਕਾਰ ਖ਼ਰੀਦਣ/ ਵੇਚਣ ਦੀ ਰਜ਼ਿਸਟਰੀ/ ਬੈਨਾਮਾ ਕਰਨ ‘ਤੇ ਪੂਰਨ ਰੋਕ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ।

ਸੰਸਥਾ ਦੇ ਲਗਾਤਾਰ ਯਤਨਾਂ ਸਦਕਾ ਅਵਤਾਰ ਸਿੰਘ ਵਿਰੁੱਧ ਮਿਤੀ: 24.09.2020 ਨੂੰ ਪਾਪਰਾ ਐਕਟ-1995 ਤਹਿਤ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਐਫ਼.ਆਈ.ਆਰ. ਨੰ.: 148 ਤਹਿਤ ਮਾਮਲਾ ਦਰਜ ਹੋ ਚੁੱਕਾ ਹੈ।ਗੌਰਤਲਬ ਹੈ ਕਿ ਇਹ ਗੁਰੂ ਨਾਨਕ ਕਾਲੋਨੀ, ਆਦਮਵਾਲ਼ ਰੋਡ, ਬਹਾਦੁਰਪੁਰ, ਹੁਸ਼ਿਆਰਪੁਰ ਉਹੀ ਕਾਲੋਨੀ ਹੈ ਜਿਸਦਾ ਮਾਲਕ ਅਵਤਾਰ ਸਿੰਘ ਪੁੱਤਰ ਸ਼ਾਮ ਸਿੰਘ, ਨਿਵਾਸੀ ਬਰਿਆਣਾ, ਥਾਣਾ ਹਰਿਆਣਾ ਹੁਸ਼ਿਆਰਪੁਰ ਹੈ ਤੇ ਜਿਸਦੇ ਪੋਤੇ ਅਵਨਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਬਰਿਆਣਾ ਅਤੇ ਦੋਹਤੇ ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰਾਨ ਸੁਖਵਿੰਦਰ ਸਿੰਘ, ਨਿਵਾਸੀ ਲਾਲੀ ਹਾਰਟਾ ਕਾਲੋਨੀ, ਬਜਵਾੜਾ, ਹੁਸ਼ਿਆਰਪੁਰ ਨੇ ਚੇਅਰਮੈਨ ਰਾਜੀਵ ਵਸ਼ਿਸ਼ਟ ਦੇ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਖ਼ਿਲਾਫ਼ ਕੀਤੇ ਜਾ ਰਹੇ ਯਤਨਾਂ ਨੂੰ ਰੋਕਣ ਹਿੱਤ ਆਪਣੀ ਕਥਿਤ ਰਾਜਸੀ, ਪ੍ਰਸ਼ਾਸਨਿਕ ਪਹੁੰਚ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਦੇ ਸਹਿਯੋਗ ਨਾਲ਼ ਮਿਤੀ: 02.07.2020 ਨੂੰ ਝੂਠੀ ਅਤੇ ਬੇ ਬੁਨਿਆਦ ਸ਼ਿਕਾਇਤ ਦੇ ਆਧਾਰ ‘ਤੇ ਇੱਕ ਸਾਜ਼ਿਸ਼ੀ ਐਫ਼.ਆਈ.ਆਰ. ਨੰ.: 98 ਥਾਣਾ ਸਦਰ ਹੁਸ਼ਿਆਰਪੁਰ ਵਿਖੇ ਦਰਜ਼ ਕਰਵਾ ਦਿੱਤੀ ਸੀ।

ਸਾਕਸ਼ੀ ਵਸ਼ਿਸ਼ਟ ਨੇ ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਵਤਾਰ ਸਿੰਘ ਵਿਰੁੱਧ ਹੋਈ ਐਫ਼.ਆਈ.ਆਰ. ਵਿੱਚ ਧੋਖਾ ਧੜੀ ਦੀਆਂ ਧਾਰਾਵਾਂ ਦਾ ਵਾਧਾ ਕਰਨ ਦੀ ਮੰਗ ਕਰਦਿਆਂ, ਅਵਤਾਰ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਦੁਆਰਾ ਪਿਛਲੇ ਸੱਤ ਕੁ ਸਾਲਾਂ ਤੋਂ ਬਜਵਾੜਾ, ਗੜਸ਼ੰਕਰ, ਪਿੱਪਲਾਂ ਵਾਲ਼ਾ, ਸ਼ਾਮ ਚੁਰਾਸੀ, ਟਾਂਡਾ ਆਦਿ ਹੋਰ ਵੀ ਅਨੇਕਾਂ ਸਥਾਨਾਂ ‘ਤੇ ਇਸੇ ਪ੍ਰਕਾਰ ਸਥਾਪਿਤ ਕੀਤੀਆਂ ਗਈਆਂ ਨਜਾਇਜ਼ ਕਾਲੋਨੀਆਂ ਦੀ ਵੀ ਵਿਸਤ੍ਰਿਤ ਪੜਤਾਲ ਦੀ ਮੰਗ ਕੀਤੀ। ਇਸ ਮੌਕੇ ਸਾਕਸ਼ੀ ਵਸ਼ਿਸ਼ਟ ਨੇ ਅਵਤਾਰ ਸਿੰਘ ਅਤੇ ਅਜਿਹੇ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਤੋਂ ਪ੍ਰਭਾਵਿਤ ਲੋਕਾਂ ਨੂੰ ਇੱਕ ਮੰਚ ‘ਤੇ ਆ ਕੇ ਸੰਘਰਸ਼ ਕਰਨ ਦੀ ਅਪੀਲ ਕਰਦਿਆਂ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਪੰਜਾਬ ਦੁਆਰਾ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਰਕਾਰ ਅਤੇ ਆਮ ਲੋਕਾਂ ਦਾ ਸਹਿਯੋਗ ਕਰਨ ਦੇ ਆਪਣੇ ਪ੍ਰਣ ਨੂੰ ਵੀ ਦੁਹਰਾਇਆ।

LEAVE A REPLY

Please enter your comment!
Please enter your name here