ਡੀਸੀ ਨੇ ਬੇਘਰੇ ਵਿਅਕਤੀਆਂ ਨੂੰ ਰੈਣ ਬਸੇਰਿਆਂ ਵਿੱਚ ਠਹਿਰਾਉਣ ਦੀਆਂ ਦਿੱਤੀਆਂ ਹਦਾਇਤਾਂ

ਜਲੰਧਰ (ਦ ਸਟੈਲਰ ਨਿਊਜ਼)। ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ਹੈ। ਇਨਸਾਨੀਅਤ ਦੇ ਨਾਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋੜਵੰਦ ਲੋਕਾਂ ਦੀ ਮਦਦ ਕਰੀਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਠੰਡ ਦੇ ਮੌਸਮ ਦੇ ਮੱਦੇਨਜ਼ਰ ਬੁੱਧਵਾਰ ਰਾਤ ਨੂੰ ਬੇਘਰੇ ਅਤੇ ਲੋੜਵੰਦ ਲੋਕਾਂ ਨੂੰ ਕੰਬਲ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਬੇਆਸਰਾ ਅਤੇ ਗਰੀਬ ਵਿਅਕਤੀਆਂ ਨੂੰ ਪੈ ਰਹੀ ਠੰਡ ਤੋਂ ਬਚਾਉਣ ਲਈ ਉਨਾਂ ਵੱਲੋਂ ਅੱਜ ਰੇਲਵੇ ਸਟੇਸ਼ਨ ਕੈਂਟ, ਪਠਾਨਕੋਟ ਬਾਈਪਾਸ ਚੌਕ, ਦੇਵੀ ਤਲਾਬ ਮੰਦਿਰ, ਰੇਲਵੇ ਸਟੇਸ਼ਨ, ਜਲੰਧਰ ਵਿਖੇ ਪਹੁੰਚ ਕੇ ਬੇਘਰੇ ਅਤੇ ਲੋੜਵੰਦ ਲੋਕਾਂ ਨੂੰ ਕੰਬਲ ਮੁਹੱਈਆ ਕਰਵਾਏ ਗਏ ਹਨ।

Advertisements

ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਮੁਹਿੰਮ ਚਲਾਉਣ ਦਾ ਮਕਸਦ ਬੇਘਰੇ, ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਤੱਕ ਪਹੁੰਚ ਕਰ ਕੇ ਉਨਾਂ ਨੂੰ ਸਰਦੀ ਤੋਂ ਬਚਣ ਲਈ ਕੰਬਲ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਠੰਡ ਦੇ ਮੌਸਮ ਦੀ ਮਾਰ ਤੋਂ ਬਚੇ ਰਹਿਣ। ਉਨਾਂ ਦੱਸਿਆ ਕਿ ਹਰੇਕ ਲੋੜਵੰਦ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਹੈਲਪ ਲਾਈਨ ਨੰਬਰ 8556918229 ਦੀ ਵੀ ਸ਼ੁਰੂਆਤ ਵੀ ਕੀਤੀ ਗਈ ਹੈ, ਜਿਸ ‘ਤੇ ਫੋਨ ਕਰਨ ‘ਤੇ ਪ੍ਰਸ਼ਾਸਨ ਵੱਲੋਂ ਤੁਰੰਤ ਟੀਮ ਭੇਜੀ ਜਾਵੇਗੀ ਅਤੇ ਮੌਕੇ ‘ਤੇ ਲੋੜਵੰਦ ਵਿਅਕਤੀ ਨੂੰ ਕੰਬਲ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਠਹਿਰਾਉਣ ਲਈ ਰੈਣ ਬਸੇਰਿਆਂ ਵਿਚਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਬੇਘਰੇ ਅਤੇ ਬੇਸਹਾਰਾ ਲੋਕਾਂ ਨੂੰ ਰੈਣ ਬਸੇਰੇ ਵਿੱਚ ਠਹਿਰਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਉਹਨਾਂ ਨੂੰ ਸਰਦੀ ਦੀ ਮਾਰ ਤੋਂ ਬਚਾਇਆ ਜਾ ਸਕੇ। ਉਹਨਾਂ ਸਬੰਧਤ ਵਿਭਾਗਾਂ ਨੂੰ ਲੋੜਵੰਦ ਤੇ ਬੇਸਹਾਰਾ ਲੋਕਾਂ ਨੂੰ ਸਰਦੀ ਤੋਂ ਬਚਾਉਣ ਲਈ ਰੈਣ ਬਸੇਰਿਆਂ ਵਿੱਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ।  

ਥੋਰੀ ਨੇ ਗਰੀਬ ਤੇ ਲੋੜਵੰਦਾਂ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਰੈਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਦਾਨ ਕਰਕੇ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਤਾਂ ਜੋ ਉਨਾਂ ਦੀ ਸਹਾਇਤਾ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਬੇਘਰੇ ਅਤੇ ਲੋੜਵੰਦ ਲੋਕਾਂ ਦੀ ਮਦਦ ‘ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟਾਂ (ਐਸ.ਡੀ.ਐਮਜ਼) ਨੂੰ ਕਿਹਾ ਹੈ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਬਾਹਰ ਸੋਣ ਵਾਲੇ ਲੋਕਾਂ ਸਬੰਧੀ ਸਰਵੇਖਣ ਕਰਵਾ ਕੇ ਡੀਸੀ ਦਫ਼ਤਰ ਨੂੰ ਕੰਬਲਾਂ ਸਬੰਧੀ ਮੰਗ ਭੇਜਣ। ਉਨਾਂ ਅੱਗੇ ਕਿਹਾ ਕਿ ਕੰਬਲ ਜ਼ਿਲਾ ਰੈਡ ਕਰਾਸ ਸੁਸਾਇਟੀ ਵੱਲੋਂ ਮੁਹੱਈਆ ਕਰਵਾਏ ਜਾਣਗੇ ਅਤੇ ਅਧਿਕਾਰੀਆਂ ਨੂੰ ਸੀ.ਆਰ.ਓ. ਪੱਧਰ ਦੇ ਅਧਿਕਾਰੀਆਂ ਰਾਹੀਂ ਕੰਬਲ ਵੰਡਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

LEAVE A REPLY

Please enter your comment!
Please enter your name here