ਕੌਮੀ ਸਵੈ-ਇੱਛਕ ਖੂਨਦਾਨ ਦਿਵਸ ਮੌਕੇ 20 ਯੂਨਿਟ ਖੂਨ ਇਕੱਤਰ ਕੀਤਾ

blood

ਹੁਸ਼ਿਆਰਪੁਰ, 01 ਅਕਤੂਬਰ: ਕੌਮੀ ਸਵੈ-ਇੱਛਕ ਖੂਨਦਾਨ ਦਿਵਸ ਮੌਕੇ ਸ਼ਾਖਾ ਬਲੱਡ ਬੈਂਕ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਸਤਪਾਲ ਗੋਜਰਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਸਵੈ-ਇੱਛਕ ਖੂਨਦਾਨ ਕੈਂਪ ਮੌਕੇ ਕੁੱਲ 20 ਸਵੈ-ਇੱਛਕ ਖੂਨਦਾਨੀਆਂ ਵੱਲੋਂ ਖੂਨਦਾਨ ਕਰਨ ਉਪਰੰਤ 20 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਡਾ. ਅਮਰਜੀਤ ਲਾਲ ਇੰ. ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਖੂਨਦਾਨੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ.ਸਤਪਾਲ ਗੋਜਰਾ ਨੇ ਦੱਸਿਆ ਕਿ ਖੂਨ ਦਾਨ ਸੱਭ ਤੋਂ ਮਹਾਨ ਦਾਨ ਹੈ ਜਿਸ ਨਾਲ ਕਈ ਬਹੁਮੁੱਲਈਆਂ ਜਿੰਦਗੀਆਂ ਨੂੰ ਮੁੜ ਤੋਂ ਜੀਵਨ ਦਾਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 18 ਤੋਂ 60 ਸਾਲ ਤੱਕ ਦੀ ਉਮਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਜਿਸਦਾ ਭਾਰ 45 ਕਿਲੋ ਤੋਂ ਵੱਧ ਅਤੇ ਸਰੀਰ ਵਿੱਚ ਖੂਨ ਦੀ ਮਾਤਰਾ 12 ਗ੍ਰਾਮ ਤੱਕ ਹੋਵੇ, ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀ ਹੁੰਦੀ। ਖੂਨਦਾਨ ਕਰਨ ਤੋਂ ਬਾਅਦ ਸਰੀਰ ਆਪਣੇ ਆਪ ਦਾਨ ਕੀਤੇ ਗਏ ਖੂਨ ਦੀ ਪੂਰਤੀ 8 ਤੋਂ 10 ਦਿਨਾ ਦੇ ਵਿਚਕਾਰ ਕਰ ਲੈਂਦਾ ਹੈ।  ਬੀਮਾਰੀ ਵੇਲੇ ਜਾਂ  ਕਿਸੀ ਦੁਰਘਟਨਾ ਮੌਕੇ ਮਨੁੱਖ ਵੱਲੋਂ ਦਾਨ ਕਿਤੇ ਗਏ ਖੂਨ ਨਾਲ ਕਈ ਕੀਮਤੀ ਜਿੰਦਗੀਆਂ ਬੱਚ ਸਕਦੀਆਂ ਹਨ। ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਬਿਨਾਂ ਕਿਸੇ ਡਰ ਤੋਂ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿਖੜਵਾਂ ਹਿੱਸਾ ਬਣਾਉਣਾ ਚਾਹੀਦਾ ਹੈ। ਖਾਸ ਕਰ ਮੌਜੂਦਾ ਸਮੇਂ ਵਿੱਚ ਡੇਗੂੰ ਦੇ ਮਰੀਜਾਂ ਦੀ ਗਿਣਤੀ ਨੂੰ ਵੇਖਦੇ ਹੋਏ ਖੂਨਦਾਨ ਕਈ ਡੇਗੂੰ ਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਿਤ ਹੋ ਸਕਦਾ ਹੈ।ਡਾ. ਸਤਪਾਲ ਗੋਜਰਾ ਵੱਲੋਂ ਅੱਜ ਦੇ ਕੈਂਪ ਦੌਰਾਨ ਖੂਨ ਦਾਨ ਕਰਨ ਵਾਲੇ ਸਵੈ-ਇੱਛਕ ਖੂਨਦਾਨੀਆਂ ਬਹਾਦਰ ਸਿੰਘ ਸਿੱਧੂ, ਨਵਦੀਪ ਅਗਰਵਾਲ, ਤਰੁਣ ਹਰੀਸ਼ ਸਮੇਤ ਕੁੱਲ 20 ਲੋਕਾਂ ਨੂੰ ਖੂਨਦਾਨ ਕਰਨ ਅਤੇ ਮਨੁੱਖੀ ਹਿੱਤ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਮੰਦ ਦੀ ਜੀਵਨ ਜੋਤ ਨੂੰ ਜਗਾਏ ਰੱਖਣ ਦੇ ਨਾਲ ਹੀ ਹੋਰਨਾ ਨੂੰ ਵੀ ਇਸ ਨੇਕ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ। ਜ਼ਿਕਰਯੋਗ ਹੈ ਕਿ ਅੱਜ ਦੇ ਕੈਂਪ ਦੌਰਾਨ ਖੂਨ ਦਾਨ ਕਰਨ ਵਾਲੇ ਬਹਾਦਰ ਸਿੰਘ ਸਿੱਧੂ ਲਗਾਤਾਰ 34ਵੀਂ ਵਾਰ ਖੂਨ ਦਾਨ ਕਰਕੇ ਲੋਕਾਂ ਲਈ ਪ੍ਰੇਰਣਾ ਸਰੋਤ ਬਣੇ ਅਤੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ। ਬਹਾਦਰ ਸਿੰਘ ਸਾਲ ਵਿੱਚ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਦੇ ਹਨ ਅਤੇ ਵਿਆਹ ਤੋ ਬਾਅਦ ਇਨ੍ਹਾਂ ਦੀ ਪ੍ਰੇਰਣਾ ਸਦਕਾ ਇਨ੍ਹਾਂ ਦੀ ਪਤਨੀ ਵੀ ਹੁਣ ਤੱਕ 6 ਵਾਰ ਖੂਨ ਦਾਨ ਕਰ ਚੁੱਕੇ ਹਨ। ਸਾਰਿਆਂ ਨੂੰ ਖਾਸਕਰ ਨੌਜਵਾਨ ਵਰਗ ਨੂੰ ਇਨ੍ਹਾਂ ਸਮੂਹ ਸਵੈ-ਇੱਛਕ ਖੂਨਦਾਨੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਖੂਨ ਦੀ ਘਾਟ ਕਾਰਣ ਇੱਕ ਵੀ ਜਾਨ ਨਾ ਜਾ ਸਕੇ।

Advertisements

LEAVE A REPLY

Please enter your comment!
Please enter your name here