ਆਟੋ ਪਾਰਟਸ ਮੈਨੂਚੈਕਚਰਜ਼ ਨੂੰ ਸਥਾਨਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ

ਜਲੰਧਰ (ਦ ਸਟੈਲਰ ਨਿਊਜ਼) | ਉਦਯੋਗਾਂ ਵਿੱਚ ਲੋੜੀਂਦੇ ਹੁਨਰਮੰਦ ਕਾਮਿਆਂ ਦੀ ਮੰਗ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਸਬੰਧੀ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਫੋਕਲ ਪੁਆਇੰਟ ਵਿਖੇ ਸਥਿਤ ਪ੍ਰਸਿੱਧ ਜੇ.ਐਮ.ਪੀ. ਉਦਯੋਗ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਦਾ ਜਲੰਧਰ ਆਟੋ-ਪਾਰਟਸ ਮੈਨੂਚੈਕਚਰਰ ਐਸੋਸੀਏਸ਼ਨ ਦੇ ਚੇਅਰਮੈਨ ਬਲਰਾਮ ਕਪੂਰ ਦੀ ਅਗਵਾਈ ਵਿੱਚ ਪ੍ਰਧਾਨ ਸੰਜੀਵ ਜੁਨੇਜਾ, ਜਨਰਲ ਸਕੱਤਰ ਤੁਸ਼ਾਰ ਜੈਨ, ਕੈਸ਼ੀਅਰ ਮਨੀਸ਼ ਅਤੇ ਹੋਰਨਾਂ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਨਾਲ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ ਅਤੇ ਕਿਰਤ ਸ਼ਕਤੀ ਸਬੰਧੀ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਜੋ ਇਸ ਅਨੁਸਾਰ ਹੁਨਰ ਵਿਕਾਸ ਦੇ ਕੋਰਸਾਂ ਨੂੰ ਤਿਆਰ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ‘ਘਰ-ਘਰ ਰੋਜ਼ਗਾਰ’ ਯੋਜਨਾ ਨੂੰ ਜ਼ਿਲ੍ਹੇ ਵਿੱਚ ਸਫ਼ਲ ਬਣਾਉਣ ਲਈ ਆਟੋ-ਪਾਰਟਸ ਇੰਡਸਟਰੀ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਚੇਅਰਮੈਨ ਬਲਰਾਮ ਕਪੂਰ ਜੋ ਕਿ ਜੇ.ਐਮ.ਪੀ. ਉਦਯੋਗ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ, ਨੂੰ ਆਟੋ-ਪਾਰਟਸ ਉਦਯੋਗਾਂ ਵਿੱਚ ਲੋੜੀਂਦੀ ਕਿਰਤ ਸ਼ਕਤੀ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕਰਨ ਨੂੰ ਕਿਹਾ, ਜਿਸ ਨਾਲ ਉਨ੍ਹਾਂ ਦੀ ਲੋੜੀਂਦੀ ਕਿਰਤ ਸ਼ਕਤੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ । ਸ੍ਰੀ ਥੋਰੀ ਨੇ ਉਦਯੋਗਾਂ ਨੂੰ ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬੇਰੋਜ਼ਗਾਰ ਨੌਜਵਾਨਾ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬੇਰੋਜ਼ਗਾਰ ਨੌਜਵਾਨਾਂ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਪੁਲ ਵਾਂਗ ਕੰਮ ਕਰਨ ਲਈ ਤਿਆਰ-ਬਰ ਤਿਆਰ ਹੈ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗਪਤੀਆਂ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਪ੍ਰਾਪਤੀ ਨੂੰ ਯਕੀਨੀ ਬਣਾ ਸਕਦੇ ਹਨ ਅਤੇ ਇਸ ਨਾਲ ਸੂਬੇ ਵਿਚੋਂ ਬੇਰੋਜ਼ਗਾਰੀ ਨੂੰ ਖ਼ਤਮ ਕੀਤਾ ਜਾ ਸਕੇਗਾ।

Advertisements

ਉਨ੍ਹਾਂ ਕਿਹਾ ਕਿ ਉਦਯੋਗਾਂ ਵੱਲੋਂ ਮੁਹੱਈਆ ਕਰਵਾਏ ਗਏ ਅੰਕੜੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਦਯੋਗਾਂ ਦੀ ਮੰਗ ਅਨੁਸਾਰ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਲਈ ਸੁਚਾਰੂ ਰਣਨੀਤੀ ਤਿਆਰ ਕਰਨ ਵਿੱਚ ਸਹਾਈ ਹੋਣਗੇ।  ਬਲਰਾਮ ਕਪੂਰ ਨੇ ਡਿਪਟੀ ਕਮਿਸ਼ਨਰ ਨੂੰ ਜਲੰਧਰ ਦੀ ਆਟੋ-ਪਾਰਟਸ ਉਦਯੋਗ ਦੇ ਸ਼ਾਨਦਾਰ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਸਥਾਨਕ ਉਦਯੋਗ ਪੂਰੇ ਦੇਸ਼ ਮੰਗ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਪੈਦਾ ਹੋਏ ਸੰਕਟ ਦੇ ਬਾਵਜੂਦ ਸਥਾਨਕ ਆਟੋ ਪਾਰਟਸ ਉਦਯੋਗਾਂ ਵੱਲੋਂ ਭਾਰੀ ਵਾਹਨਾਂ ਦੇ ਆਟੋ-ਪਾਰਟਸ  ਬਣਾਏ ਅਤੇ ਨਿਰਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇ.ਐਮ.ਪੀ. ਉਦਯੋਗ ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਜੇ.ਸੀ.ਬੀ., ਐਸਕਾਰਟ, ਸੀ.ਐਨ.ਐਚ., ਸਵਰਾਜ ਇੰਜਣ, ਆਈ.ਟੀ.ਐਲ ਅਤੇ ਦੇਸ਼ ਦੇ ਹੋਰ ਟਰੱਕ ,ਟਰੈਕਟਰ ਅਤੇ ਕਾਰ ਨਿਰਮਾਤਾਵਾਂ ਲਈ ਕਾਸਟਿੰਗ ਅਤੇ ਮਸ਼ੀਨਿੰਗ ਪਾਰਸ ਦਾ ਪ੍ਰਮੁੱਖ ਨਿਰਮਾਤਾ ਅਤੇ ਸਪਲਾਇਰ ਹੈ। ਸ੍ਰੀ ਥੋਰੀ ਨੇ ਸਹੂਲਤਾਂ ਨੂੰ ਦੇਖਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਜੇ.ਐਮ.ਪੀ. ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ, ਜੋ ਚੀਨ ਅਤੇ ਵਿਸ਼ਵ ਦੇ ਹੋਰ ਮੋਹਰੀ ਦੇ ਮੁਕਾਬਲੇ ਪਿਛਲੇ 40 ਸਾਲਾਂ ਤੋਂ ਮਿਆਰੀ ਉਤਪਾਦ ਮੁਹੱਈਆ ਕਰ ਰਹੇ ਹਨ । ਡਿਪਟੀ ਕਮਿਸ਼ਨਰ ਨੇ ਸਥਾਨਕ ਉਦਯੋਗਾ ਨੂੰ ਪੂਰਨ ਸਹਿਯੋਗ ਦੇਣ ਦਾ ਯਕੀਨ ਦੁਆਉਂਦਿਆਂ ਕਿਹਾ ਕਿ ਉਨਾਂ ਦੇ ਸਬੰਧਿਤ ਮਸਲੇ ਸਬੰਧਿਤ ਵਿਭਾਗਾਂ ਪਾਸ ਉਠਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਜੇ.ਐਮ.ਪੀ. ਇੰਡਸਟਰੀਜ਼ ਵਲੋਂ ਨੌਜਵਾਨਾਂ ਨੂੰ ਵੱਖ-ਵੱਖ ਸੰਸਥਾਵਾਂ ਵਿੱਚ ਹੁਨਰ ਸਿਖਲਾਈ ਪ੍ਰਦਾਨ ਕਰਨ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਸੰਜੀਵ ਜੁਨੇਜਾ, ਸਕੱਤਰ ਤੁਸ਼ਾਰ ਜੈਨ, ਕੈਸ਼ੀਅਰ ਮਨੀਸ਼ ਕਵਾਤਰਾ ਅਤੇ ਹੋਰਨਾਂ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ, ਜਿਨਾਂ ਵਲੋਂ ਨਿੱਜੀ ਤੌਰ ’ਤੇ ਜ਼ਿਲ੍ਹੇ ਦੇ ਨੌਜਵਾਨਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਸਬੰਧੀ ਵੱਡੇ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਕਪੂਰ, ਨਿਖਿਲ ਕਪੂਰ, ਅਖਿਲ ਕਪੂਰ, ਗੋਕੁਲ ਕਪੂਰ, ਜਗਮੋਹਨ ਸ਼ਰਮਾ ਅਤੇ ਸਮਿਤ ਮਲਹੋਤਰਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here