‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਅਧੀਨ 150 ਲੜਕੀਆਂ ਲਈ ਦੂਜਾ ਮੁਫ਼ਤ ਡਰਾਈਵਿੰਗ ਸਿਖਲਾਈ ਕੈਂਪ ਜਲਦ ਕੀਤਾ ਜਾਵੇਗਾ ਸ਼ੁਰੂ: ਡੀਸੀ

ਜਲੰਧਰ(ਦ ਸਟੈਲਰ ਨਿਊਜ਼)। ਕੁਝ ਮਹੀਨੇ ਪਹਿਲਾਂ 70 ਦੇ ਕਰੀਬ ਲੜਕੀਆਂ ਨੂੰ ਡਰਾਈਵਿੰਗ ਦੇ ਹੁਨਰ ਦੀ ਸਿਖਲਾਈ ਦੇਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਮੁੜ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਅਧੀਨ 150 ਲੜਕੀਆਂ ਲਈ ਦੂਜਾ ਮੁਫ਼ਤ ਡਰਾਈਵਿੰਗ ਸਿਖਲਾਈ ਕੈਂਪ ਲਗਾਉਣ ਲਈ ਤਿਆਰ-ਬਰ-ਤਿਆਰ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਖ਼ਤ ਮੁਕਾਬਲੇ ਦੇ ਇਸ ਯੁੱਗ ਵਿੱਚ ਲੜਕੀਆਂ ਨੂੰ ਸਵੈ-ਨਿਰਭਰ ਅਤੇ ਹੁਨਰਮੰਦ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਈ ਕਦਮ ਚੁੱਕੇ ਗਏ ਹਨ ਭਾਵੇਂ ਉਹ ਕੈਰੀਅਰ ਦੀ ਸੰਭਾਵਨਾ ਹੋਵੇ ਜਾਂ ਸਮਾਜਿਕ ਜ਼ਿੰਦਗੀ।ਉਨ੍ਹਾਂ ਕਿਹਾ ਕਿ ਅਜੋਕੀ ਮੁਕਾਬਲੇਬਾਜ਼ੀ ਵਾਲੀ ਦੁਨੀਆਂ ਵਿੱਚ ਡਰਾਇਵਿੰਗ ਦਾ ਹੁਨਰ ਕਾਫ਼ੀ ਅਹਿਮ ਹੈ ਅਤੇ ਕਈ ਵਾਰ ਰੋਜ਼ਗਾਰ ਦੇ ਨਜ਼ਰੀਏ ਤੋਂ ਮਹੱਤਵਪੂਰਨ ਸਾਬਤ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੜਕੀਆਂ ਲਈ ਅਜਿਹੇ ਕੈਂਪ ਲਗਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਸਮਾਨ ਮੌਕਿਆਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਲਗਭਗ 70 ਲੜਕੀਆਂ ਲਈ ਮੁਫ਼ਤ ਡਰਾਇਵਿੰਗ ਸਿਖਲਾਈ ਕੈਂਪ ਲਗਾਇਆ ਗਿਆ ਸੀ, ਜੋ ਕਿ ਉਨ੍ਹਾਂ ਲਈ ਕਈ ਮਾਇਨਿਆਂ ਵਿੱਚ ਲਾਭਕਾਰੀ ਸਿੱਧ ਹੋਇਆ। ਉਨ੍ਹਾਂ ਦੱਸਿਆ ਕਿ ਕੈਂਪ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਟਰਾਂਸਪੋਰਟ ਵਿਭਾਗ ਤੋਂ ਲਰਨਰ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵਿੱਚ ਲੜਕੀਆਂ ਦੀ ਸਹਾਇਤਾ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਦੌਰਾਨ 12 ਵੱਖ-ਵੱਖ ਕਲਾਸਾਂ ਵਿੱਚ 150 ਦੇ ਕਰੀਬ ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।

Advertisements

ਥੋਰੀ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮੰਤਵ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣਾ ਅਤੇ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਕਰਨਾ ਹੈ ਤਾਂ ਜੋ ਡਰਾਈਵਿੰਗ ਦੇ ਹੁਨਰ ਦੀ ਘਾਟ ਕਾਰਨ ਉਹ ਕਿਸੇ ਮੌਕੇ ਨੂੰ ਹੱਥੋਂ ਨਾ ਗੁਆ ਦੇਣ। ਉਨ੍ਹਾਂ ਕਿਹਾ ਕਿ ਇਸ ਨਵੇਂ ਹੁਨਰ ਸਦਕਾ ਲੜਕੀਆਂ ਨੂੰ ਇਕ ਥਾਂ ਤੋਂ ਦੂਜੀ ਜਗ੍ਹਾ ਜਾਣ ਲਈ ਦੂਜਿਆਂ ‘ਤੇ ਨਿਰਭਰ ਨਹੀਂ ਹੋਣਾ ਪਵੇਗਾ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਚਾਹਨਾਵ ਡਰਾਈਵਿੰਗ ਸਕੂਲਾਂ ਨੂੰ ਬੋਲੀ ਦੇਣ ਲਈ ਕਿਹਾ ਗਿਆ ਹੈ, ਜੋ ਕਿ 2 ਫਰਵਰੀ, 2021 ਨੂੰ ਖੋਲ੍ਹੀ ਜਾਵੇਗੀ ।ਕੋਚਿੰਗ ਵਿਚ ਹਰੇਕ ਕਲਾਸ ਦੌਰਾਨ 8 ਕਿਲੋਮੀਟਰ ਲਾਜ਼ਮੀ ਸਿਖਲਾਈ ਦੇ ਨਾਲ ਇਕੋ ਸਮੇਂ ਥਿਊਰੀ ਅਤੇ ਪ੍ਰੈਕਟੀਕਲ ਸੈਸ਼ਨ ਸ਼ਾਮਲ ਹੋਣਗੇ।ਪਹਿਲੇ ਕੈਂਪ ਵਿੱਚ ਹਿੱਸਾ ਲੈਣ ਵਾਲੀ ਬਸਤੀ ਦਾਨਿਸ਼ਮੰਦਾ ਦੀ ਈਸ਼ਾ ਪੁਸ਼ਕਰਨਾ ਨੇ ਡਰਾਈਵਿੰਗ ਸਿਖਲਾਈ ਨੂੰ ਅਨੌਖਾ ਕਦਮ ਦੱਸਦਿਆਂ ਕਿਹਾ ਕਿ ਸਿਖਲਾਈ ਨੇ ਨਾ ਸਿਰਫ਼ ਉਸ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ ਸਗੋਂ ਕਈ ਰੋਜ਼ਗਾਰ ਦੇ ਮੌਕਿਆਂ ਲਈ ਰਾਹ ਖੋਲ੍ਹ ਦਿੱਤੇ। ਉਸ ਨੇ ਕਿਹਾ ਕਿ ਪ੍ਰਸ਼ਾਸਨ ਦੀ ਸਹਾਇਤਾ ਨਾਲ ਉਸ ਨੇ ਲਰਨਰ ਡਰਾਈਵਿੰਗ ਲਾਇਸੈਂਸ ਵੀ ਪ੍ਰਾਪਤ ਕਰ ਲਿਆ ਹੈ। ਉਸ ਨੇ ਕਿਹਾ ਕਿ ਇਸ ਨਵੇਂ ਹੁਨਰ ਨੇ ਉਸ ਦੇ ਵਿਸ਼ਵਾਸ ਨੂੰ ਵਧਾਇਆ ਹੈ। ਈਸ਼ਾ ਨੇ ਹੋਰ ਲੜਕੀਆਂ ਨੂੰ ਅੱਗੇ ਆਉਣ ਅਤੇ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ ਕਿਉਂਕਿ ਦੂਜਾ ਕੈਂਪ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ।

LEAVE A REPLY

Please enter your comment!
Please enter your name here