ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਮਨੁ ਰਾਮਪਾਲ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਵਫ਼ਦ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਇੱਕ ਮੀਟਿੰਗ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਭੁੱਲਰ ਦੇ ਨਾਲ ਕੀਤੀ ਗਈ । ਜਿਸ ਦੌਰਾਨ ਇਹ ਮੰਗ ਕੀਤੀ ਗਈ ਕਿ ਜ਼ਿਲੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਾਸ਼ਨ ਦੀ ਸਪਲਾਈ ਸੈਂਟਰਾਂ ਤੱਕ ਕੀਤੀ ਜਾਵੇ । ਵਰਕਰਾਂ ਨੂੰ ਵਟਸਐਪ ਤੇ ਫੋਟੋਆਂ ਅਤੇ ਵੀਡੀਓਜ਼ ਭੇਜਣ ਲਈ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਮਜਬੂਰ ਨਾ ਕੀਤਾ ਜਾਵੇ । ਇਸੇ ਤਰ੍ਹਾਂ ਕਰੋਨਾ ਵੈਕਸੀਨ ਲਗਵਾਉਣ ਲਈ ਵਰਕਰਾਂ ਤੇ ਹੈਲਪਰਾਂ ਨੂੰ ਮਜ਼ਬੂਰ ਨਾ ਕੀਤਾ ਜਾਵੇ । ਇਹ ਮੰਗ ਵੀ ਕੀਤੀ ਗਈ ਕਿ ਵਰਕਰਾਂ ਤੇ ਹੈਲਪਰਾਂ ਦਾ ਮਾਣਭੱਤਾ ਹਰ ਮਹੀਨੇ 5 ਤਰੀਕ ਤੱਕ ਬੈਂਕ ਖਾਤਿਆਂ ਵਿੱਚ ਪਾਇਆ ਜਾਵੇ । ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵਰਕਰਾਂ ਤੇ ਹੈਲਪਰਾਂ ਦੇ ਨਾਲ ਖੜੀ ਹੈ ਤੇ ਕਿਧਰੇ ਵੀ ਉਹਨਾਂ ਦੇ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਮਹਿਕਮਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਾਥ ਦੇਵੇ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਦਰਾਂ ਵਿਚ ਵਾਪਸ ਭੇਜੇ ਜਾਣ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦਿੱਤਾ ਜਾਵੇ ਅਤੇ ਜਿੰਨਾ ਚਿਰ ਇਹ ਸੰਭਵ ਨਹੀ, ਉਨਾ ਚਿਰ ਘੱਟੋ-ਘੱਟ ਉਜਰਤਾ ਨੂੰ ਮੁੱਖ ਰੱਖਦਿਆਂ ਵਰਕਰ ਨੂੰ ਹਰ ਮਹੀਨੇ 24 ਹਜਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਪੰਜਾਬ ਦੀਆਂ ਵਰਕਰਾਂ/ਹੈਲਪਰਾਂ ਨੂੰ ਹਰਿਆਣਾ ਪੈਟਰਨ ’ਤੇ ਮਾਣਭੱਤਾ ਲਾਗੂ ਕੀਤਾ ਜਾਵੇ।ਅਕਤੂਬਰ 2018 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿਚੋਂ ਕੱਟੇ ਗਏ ਕ੍ਰਮਵਾਰ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕੀਤੇ ਜਾਣ।

Advertisements

ਪੋਸ਼ਣ ਅਭਿਆਨ ਤਹਿਤ ਉਤਸ਼ਾਹ ਵਰਧਕ ਰਾਸ਼ੀ 500 ਰੁਪਏ ਵਰਕਰ ਅਤੇ 250 ਰੁਪਏ ਹੈਲਪਰ, ਜੋ ਅਕਤੂਬਰ 2018 ਤੋਂ ਲਾਗੂ ਹੈ, ਦੀ ਅਦਾਇਗੀ ਏਰੀਅਰ ਸਮੇਤ ਕੀਤੀ ਜਾਵੇ। ਪੰਜਾਬ ਵਿਚ ਵਰਕਰ/ਹੈਲਪਰ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ। ਪੀ.ਐਨ.ਐਮ.ਆਈ. ਅਧੀਨ ਗਰਭਵਤੀ ਔਰਤਾਂ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦਾ ਫਾਰਮ ਭਰਨ ਲਈ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਪ੍ਰਤੀ ਫਾਰਮ ਜੋ ਦਸੰਬਰ 2017 ਤੋਂ ਲਾਗੂ ਹੈ, ਏਰੀਅਰ ਸਮੇਤ ਦਿੱਤੇ ਜਾਣ। ਪੰਜਾਬ ਵਿਚ ਕੰਮ ਕਰ ਰਹੀਆਂ 200 ਦੇ ਕਰੀਬ ਕਰੈਚ ਵਰਕਰਾਂ/ਹੈਲਪਰਾਂ ਦਾ ਪਿਛਲੇ ਦੋ ਸਾਲ ਤੋਂ ਰੁਕਿਆ ਪਿਆ ਮਾਣਭੱਤਾ ਤੁਰੰਤ ਦਿੱਤਾ ਜਾਵੇ ਤੇ ਇਹਨਾ ਵਰਕਰਾਂ/ਹੈਲਪਰਾਂ ਨੂੰ ਆਈ.ਸੀ.ਡੀ.ਐਸ. ਵਿਚ ਸ਼ਾਮਿਲ ਕੀਤਾ ਜਾਵੇ। 2015 ਵਿਚ ਗਲਤ ਸਰਟੀਫਿਕੇਟ ਤੇ ਜਾਅਲੀ ਡਿਗਰੀਆਂ ਪੇਸ਼ ਕਰਕੇ ਬਣੀਆਂ ਸੁਪਰਵਾਈਜਰਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕੀਤਾ ਜਾਵੇ। (ਵਿਭਾਗ ਵੱਲੋਂ ਉਹਨਾਂ ਦੇ ਖਿਲਾਫ਼ ਪੜਤਾਲ ਮੁਕੰਮਲ ਹੋ ਚੁੱਕੀ ਹੈ), ਉਹਨਾਂ ਦੇ ਖਿਲਾਫ਼ ਵਿਭਾਗ ਦੇ ਰੂਲਾਂ ਅਨੁਸਾਰ 420 ਦੇ ਪਰਚੇ ਦਰਜ ਕੀਤੇ ਜਾਣ ਅਤੇ ਇਹਨਾਂ ਦੀ ਥਾਂ ’ਤੇ ਜਿੰਨਾਂ ਦੇ ਹੱਕ ਮਾਰੇ ਗਏ ਹਨ। ਉਹਨਾਂ ਵਰਕਰਾਂ ਨੂੰ ਸੁਪਰਵਾਈਜਰ ਬਣਾਇਆ ਜਾਵੇ। ਆਂਗਣਵਾੜੀ ਵਰਕਰ/ਹੈਲਪਰ ਨੂੰ ਮੀਟਿੰਗ ਅਟੈਂਡ ਕਰਨ ਲਈ ਦਿੱਤੇ ਜਾਂਦੇ ਟੀ.ਏ. ਦੀ ਰਾਸ਼ੀ 20 ਰੁਪਏ ਤੋਂ ਵਧਾ ਕੇ ਸਰਕਾਰ 200 ਰੁਪਏ ਪ੍ਰਤੀ ਮਹੀਨਾ ਕਰੇ।

ਆਂਗਣਵਾੜੀ ਕੇਦਰਾਂ ਵਿਚ ਪਕਾਏ ਜਾਣ ਵਾਲੇ ਰਾਸ਼ਨ ਲਈ ਬਾਲਣ ਦੇ ਪੈਸੇ 40 ਪੈਸੇ ਪ੍ਰਤੀ ਲਾਭਪਾਤਰੀ ਦੀ ਥਾਂ 1 ਰੁਪਏ ਕੀਤਾ ਜਾਵੇ। ਕਿਉਕਿ ਗੈਸ-ਸਿਲੰਡਰ 400 ਰੁਪਏ ਦੀ ਥਾਂ 800 ਰੁਪਏ ਦਾ ਹੋ ਗਿਆ ਹੈ। ਐਨ.ਜੀ.ਓ. ਅਧੀਨ ਕੰਮ ਕਰਦੇ 8 ਬਲਾਕਾਂ ਦੀਆਂ ਵਰਕਰਾਂ ਅਤੇ ਹੈਲਪਰਾਂ ਵਾਪਸ ਆਈ.ਸੀ.ਡੀ.ਐਸ ਸਕੀਮ ਅਧੀਨ ਲਿਆਂਦਾ ਜਾਵੇ ਅਤੇ ਬਲਾਕ ਬਠਿੰਡਾ ਅਤੇ ਖੂਹੀਆਂ ਸਰਵਰ ਨੂੰ ਵਾਪਸ ਮੁੱਖ ਵਿਭਾਗ ਵਿਚ ਲਿਆਉਣ ਲਈ ਅਕਤੂਬਰ 2017 ਦੌਰਾਨ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਇਹਨਾਂ ਬਲਾਕਾਂ ਵਿੱਚ ਕੰਮ ਕਰਦੀਆਂ ਵਰਕਰਾਂ/ਹੈਲਪਰਾਂ ਦੀਆਂ ਵਰਦੀਆਂ, ਕੇਦਰਾਂ ਦੇ ਕਿਰਾਏ ਆਦਿ ਦੀਆਂ ਅਦਾਇਗੀਆਂ ਤੁਰੰਤ ਕੀਤੀਆਂ ਜਾਣ। ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣ। ਜਿੰਨੀ ਦੇਰ ਇਹ ਫੋਨ ਨਹੀ ਦਿੱਤੇ ਜਾਂਦੇ, ਉਨਾ ਚਿਰ ਵਰਕਰਾਂ ਕੋਲੋਂ ਫੋਨਾਂ ਨਾਲ ਸਬੰਧਿਤ ਕੋਈ ਕੰਮ ਨਾ ਲਿਆ ਜਾਵੇ। ਇਸ ਮੌਕੇ ਜਸਵੀਰ ਕੌਰ ਦਸੂਹਾ , ਛਿੰਦਰਪਾਲ ਕੌਰ ਭੂੰਗਾ , ਹਰਵਿੰਦਰ ਕੌਰ ਦਸੂਹਾ ਤੇ ਬਿਕਰਮਜੀਤ ਕੋਰ ਮਾਹਲਪੁਰ ਆਦਿ ਆਗੂ ਮੌਜੂਦ ਸਨ ।

LEAVE A REPLY

Please enter your comment!
Please enter your name here