ਪਠਾਨਕੋਟ: ਸੇਵਾ ਕੇਂਦਰਾਂ ਵਿਚ ਪੀ. ਐਮ. ਐਸ. ਵੀ. ਏ ਨਿਧੀ ਸਕੀਮ ਅਧੀਨ ਸਟਰੀਟ ਵੈਂਡਰਾਂ ਲਈ ਸੇਵਾਵਾਂ ਸ਼ੁਰੂ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ (ਪੀ. ਐਮ. ਐਸ. ਵੀ. ਏ ਨਿਧੀ ਸਕੀਮ) ਅਧੀਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਸਟਰੀਟ ਵੈਂਡਰਾਂ ਲਈ ਕਰਜ਼ੇ ਲਈ ਬਿਨੈ ਪੱਤਰ ਅਤੇ ਸਿਫ਼ਾਰਸ਼ ਪੱਤਰ (ਰੈਕਮੈਂਡੇਸ਼ਨ ਲੈਟਰ) ਲਈ ਬਿਨੈ ਪੱਤਰ ਸੇਵਾਵਾਂ ਆਰੰਭ ਕਰ ਦਿੱਤੀਆਂ ਗਈਆਂ ਹਨ।

Advertisements

ਉਨ੍ਹਾਂ ਦੱਸਿਆ ਕਿ ਹਰੇਕ ਸੇਵਾ ਲਈ 30 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਟਰੀਟ ਵੈਂਡਰ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਸਬੰਧਤ ਦਸਤਾਵੇਜ਼ਾਂ ਸਮੇਤ ਆਪਣੇ ਬਿਨੈ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਦੇ ਸਟਾਫ ਨੂੰ ਈ-ਸੇਵਾ ਪੰਜਾਬ ਪੋਰਟਲ ਵਿਚ ਦਰਖ਼ਾਸਤਾਂ ਦੀ ਪ੍ਰਕਿਰਿਆ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ।

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨੀ ਸੜਕਾਂ ਜਾਂ ਫੁੱਟਪਾਥਾਂ ’ਤੇ ਸਟਰੀਟ ਵੈਂਡਰਜ਼ ਨੂੰ ਝੱਲਣੀ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰਡ ਵੈਂਡਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਮੁੜ ਨਵੇਂ ਸਿਰੇ ਤੋਂ ਆਪਣਾ ਕੰਮਕਾਜ਼ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਟਰੀਟ ਵੈਂਡਰਾਂ ਨੂੰ 10-10 ਹਜ਼ਾਰ ਰੁਪਏ ਦੇ ਕਰਜ਼ੇ ਨਾਮਾਤਰ ਵਿਆਜ਼ ’ਤੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਸਟਰੀਟ ਵੈਂਡਰਾਂ ਨੇ ਅਜੇ ਤੱਕ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਸਰਕਾਰ ਵੱਲੋਂ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ।  

LEAVE A REPLY

Please enter your comment!
Please enter your name here