ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਹੁਣ ਹਰ ਵਿਦਿਆਰਥੀ ਨੂੰ ਸਾਂਭਣ ਦੀ ਲੋੜ: ਸਿੱਖਿਆ ਸਕੱਤਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਹੁਣ ਸਕੂਲਾਂ ਵਿੱਚ ਪੜ੍ਹਦੇ ਹਰ ਵਿਦਿਆਰਥੀ ਨੂੰ ਸਾਂਭਣਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਸਕੱਤਰ, ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਨੇ ਡੀ. ਏ. ਵੀ. ਕਾਲਜ ਆਫ਼ ਐਜੁਕੇਸ਼ਨ ਹੁਸ਼ਿਆਰਪੁਰ ਦੇ ਆਡੀਟੋਰੀਅਮ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀਆਂ, ਬਲਾਕ ਨੋਡਲ ਅਫਸਰਾਂ, ਪੜ੍ਹੋ ਪੰਜਾਬ ਟੀਮਾਂ ਅਤੇ ਸਿੱਖਿਆ ਸੁਧਾਰ ਟੀਮਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਾਲਾਨਾ ਪ੍ਰੀਖਿਆ ਨੂੰ ਵੇਖਦਿਆਂ ਸਕੂਲ ਮੁਖੀਆਂ ਨੂੰ ਬੋਰਡ ਇਮਤਿਹਾਨਾਂ ਦੀ ਤਿਆਰੀ ਲਈ ਸੁਚੇਤ ਰੂਪ ਵਿੱਚ ਨਿਗਰਾਨੀ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਘਰੇਲੂ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਸਮੀਖਿਆ ਰਾਹੀਂ ਵਧੀਆ ਢੰਗ ਨਾਲ ਸਲਾਨਾ ਪ੍ਰੀਖਿਆ ਦੀ ਤਿਆਰੀ ਲਈ ਯੋਜਨਾਬੰਦੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਕੂਲ ਮੁਖੀਆਂ ਨੂੰ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕਾਰ-ਵਿਹਾਰ ਦੇ ਨਾਲ ਨਾਲ ਵਿੱਦਿਅਕ ਪੱਖ ਨੂੰ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿੱਚ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਨੂੰ ਬਿਹਤਰੀਨ ਬਣਾਉਣ ਲਈ ਯੋਜਨਾਬੰਦੀ ਕਰਨੀ ਚਾਹੀਦੀ ਹੈ ਜਿਸ ਨਾਲ ਸਮਾਜ ਵਿੱਚ ਉਸਾਰੂ ਸੁਨੇਹਾ ਜਾਵੇਗਾ ਤੇ ਦਾਖਲਾ ਮੁਹਿੰਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲ ਬਣਾਉਣ ਲਈ ਸਕੂਲ ਮੁਖੀਆਂ ਨਾਲ ਡਾਟਾ ਸਮੀਖਿਆ ਤੋਂ ਇਲਾਵਾ ਯੋਜਨਾਬੰਦੀ ਅਤੇ ਚੰਗੇਰੀ ਪਹੁੰਚ ਸਬੰਧੀ ਬੇਹੱਦ ਉਸਾਰੂ ਚਰਚਾ ਕੀਤੀ। ਉਨ੍ਹਾਂ ਕਿਹਾ ਕੋਵਿਡ ਮਹਾਂਮਾਰੀ ਤੋਂ ਬਚਾਓ ਲਈ ਜਾਰੀ ਹਦਾਇਤਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ।

Advertisements

ਉਹਨਾਂ ਕਿਹਾ ਕਿ ਹੁਣ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਉਪਰੰਤ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਆਫਲਾਈਨ ਤਰੀਕੇ ਸਕੂਲਾਂ ਵਿੱਚ ਹੋਣਗੀਆਂ ਤਾਂ ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਸਾਡਾ ਸਭ ਦਾ ਫਰਜ਼ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫਲਤਾ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਵੀ ਲਗਾਈਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਕਿਹਾ ਕਿ ਮਿਸ਼ਨ ਦੀ ਸਫ਼ਲਤਾ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਕੂਲ ਵਿੱਚ ਹਾਜ਼ਰ ਕਰਵਾਉਣਾ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਘਟਾਏ ਪਾਠਕ੍ਰਮ ਦੀ ਅਤੇ ਬਦਲੇ ਪ੍ਰਸ਼ਨ ਪੱਤਰ ਪੈਟਰਨ ਤੋਂ ਜਾਣੂ ਕਰਵਾਉਣਾ ਹੈ। ਸਹਾਇਕ ਡਾਇਰੈਕਟਰ(ਟਰੇਨਿੰਗ) ਸ. ਸਲਿੰਦਰ ਸਿੰਘ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਸਬੰਧੀ ਜਿਲ੍ਹਾ ਹੁਸ਼ਿਆਰਪੁਰ ਦੀ ਡਾਟਾ ਅਧਾਰਿਤ ਸਮੀਖਿਆ ਕਰਦਿਆਂ ਸਕੂਲ ਮੁਖੀਆਂ ਨਾਲ ਜਰੂਰੀ ਨੁਕਤਿਆਂ ਤੇ ਚਰਚਾ ਕੀਤੀ।

ਚੰਦਰ ਸ਼ੇਖਰ ਸਟੇਟ ਰਿਸੋਸਸ ਪਰਸਨ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਅਤੇ ਜਸਵੀਰ ਸਿੰਘ ਸਟੇਟ ਰਿਸੋਰਸ ਪਰਸਨ ਸਾਇੰਸ ਨੇ ਜਿਲ੍ਹੇ ਦੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਦਸੰਬਰ ਪ੍ਰੀਖਿਆ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਡਾਟਾ ਸਕੂਲ ਮੁਖੀਆਂ ਨਾਲ ਸਾਂਝਾ ਕਰਦਿਆਂ ਘੱਟ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਅਤੇ ਬਿਹਤਰ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਬਾਰੇ ਗੱਲਬਾਤ ਕੀਤੀ।ਉਹਨਾਂ ਮੈਰਿਟ ਦੇ ਯੋਗ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਨੁਕਤੇ ਵੀ ਸਕੂਲ ਮੁਖੀਆਂ ਨਾਲ ਸਾਂਝੇ ਕੀਤੇ। ਉਹਨਾਂ ਕਮਜੋਰ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨਾਲ ਸਫ਼ਲਤਾ ਲਈ ਸਰਲ ਅਤੇ ਸੌਖੀ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਣ ਦੀ ਜਰੂਰਤ ‘ਤੇ ਵੀ ਜੋਰ ਦਿੱਤਾ। ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਵਿਸਵਾਸ਼ ਪ੍ਰਗਟਾਇਆ ਕਿ ਆਗਾਮੀ ਪ੍ਰੀਖਿਆਵਾਂ ਦੌਰਾਨ ਜਿਲ੍ਹੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਾਜ਼ਮੀ ਤੌਰ ‘ਤੇ ਬਿਹਤਰ ਰਹੇਗਾ।

ਇਸ ਮੌਕੇ ਪ੍ਰਮੋਦ ਭਾਰਤੀ ਸਟੇਟ ਸਪੋਕਸਪਰਸਨ, ਜਤਿੰਦਰ ਸਿੰਘ ਜਿਲ੍ਹਾ ਕੋ-ਆਰਡੀਨੇਟਰ ਸਮਾਰਟ ਸਕੂਲ, ਨਰੇਸ਼ ਕੁਮਾਰ ਜਿਲ੍ਹਾ ਮੈਂਟਰ ਗਣਿਤ, ਸਰਜੂ ਸੂਰੀ ਜਿਲ੍ਹਾ ਮੈਂਟਰ ਹਿੰਦੀ, ਡਾ. ਅਰਮਨਪ੍ਰੀਤ ਸਿੰਘ ਜਿਲ੍ਹਾ ਮੈਂਟਰ ਪੰਜਾਬੀ, ਸੁਖਵਿੰਦਰ ਸਿੰਘ ਡੀ. ਐਮ. ਸਾਇੰਸ, ਦਲਜੀਤ ਸਿੰਘ ਡੀ. ਐਮ. ਸਪੋਰਟਸ, ਮੋਨਿਕਾ ਠਾਕੁਰ ਜਿਲ੍ਹਾ ਇੰਚਾਰਜ ਡੀ. ਆਰ. ਪੀ. ਟੀਮ, ਰੁਪਿੰਦਰ ਕੌਰ ਡੀ. ਐਮ. ਅੰਗਰੇਜ਼ੀ, ਡਾ. ਸੁਰਿੰਦਰਪਾਲ ਅਗਨੀਹੋਤਰੀ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਸ. ਭ. ਸ. ਨਗਰ, ਨਿਰਮਲ ਸਿੰਘ, ਸਮਰਜੀਤ ਸਿੰਘ ਮੀਡੀਆ ਕੋਆਡੀਨੇਟਰ (ਪ੍ਰਿੰਟ), ਯੋਗੇਸ਼ਵਰ ਸਲਾਰੀਆ ਮੀਡੀਆ ਕੋਆਡੀਨੇਟਰ (ਸ਼ੋਸ਼ਲ ਮੀਡੀਆ) ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾ ਮੈਂਟਰ, ਨੋਡਲ ਅਧਿਕਾਰੀ ਅਤੇ ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾ ਰਿਸੋਰਸ ਪਰਸਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here