ਪੰਜਾਬ ਸਰਕਾਰ ਵਲੋਂ ਮੱਕੀ ਦੀ ਫ਼ਸਲ ਨੂੰ ਹੋਰ ਉਤਸ਼ਾਹਿਤ ਕਰਨ ਲਈ ਦਿੱਤੀ ਜਾਵੇਗੀ ਸਬਸਿਡੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਸਕੀਮ ਤਹਿਤ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਪ੍ਰਤੀ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮੱਕੀ ਦੇ ਹਾਇਬ੍ਰਿਡ ਬੀਜ, ਨਦੀਨ ਨਾਸ਼ਕ, ਕੀੜੇ ਮਾਰ ਅਤੇ ਜਿੰਕ 21 ਪ੍ਰਤੀਸ਼ਤ ਇਨਪੁਟਸ ’ਤੇ ਸਬਸਿਡੀ ਦਿੱਤੀ ਜਾਵੇਗੀ ਜਿਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ 1100 ਹੈਕਟੇਅਰ ਦੀਆਂ ਕਲੱਸਟਰ ਪ੍ਰਦਰਸ਼ਨੀਆਂ ਦਾ ਟੀਚਾ ਪ੍ਰਾਪਤ ਹੋਇਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਨੂੰ ਪ੍ਰਾਪਤ ਹੋਏ ਟੀਚੇ ਦੀ ਬਲਾਕ ਵਾਰ ਵੰਡ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਬਲਾਕ ਦਫ਼ਤਰ ਕਲੱਸਟਰ ਪ੍ਰਦਰਸ਼ਨੀਆਂ ਦੀ ਚੋਣ ਕਰਨਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਾਉਣੀ-2021 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਵਾਨਿਤ ਹਾਇਬ੍ਰਿਡ ਕਿਸਮਾਂ ਦੇ ਬੀਜਾਂ ’ਤੇ 50 ਫੀਸਦੀ ਜਾਂ 145 ਪ੍ਰਤੀ ਕਿਲੋਗ੍ਰਾਮ, ਦੋਵਾਂ ਵਿੱਚੋਂ ਜਿਹੜੀ ਕੀਮਤ ਘੱਟ ਹੋਵੇ, ਦੇ ਅਨੁਸਾਰ ਬੀਜ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਵਲੋਂ ਪ੍ਰਵਾਨਿਤ ਕਿਸਮਾਂ ਵਿੱਚ ਪੀ.ਏ.ਯੂ. ਦੀ ਪੀ.ਐਮ.ਐਚ.-13 ਮੋਨਸੈਟੋ ਇੰਡੀਆ ਲਿਮਟਡ ਕੰਪਨੀ ਦੀ ਕਿਸਮ ਡੀ.ਕੇ.ਸੀ.-9125, ਪ੍ਰਭਾਤ ਦੀ ਪੀ.ਐਮ.ਐਚ.-2255, ਪੀ.ਐਚ.ਆਈ. ਪਾਇਓਨੀਰ ਸੀਡਜ਼ ਕੰਪਨੀ ਦੀ ਕਿਸਮ ਪੀ.3401 ਅਤੇ ਪੀ.ਐਚ.ਆਈ. 3396, ਸ੍ਰੀਰਾਮ ਫਰਟੀਲਾਈਜ਼ਰ ਐਂਡ ਕੈਮੀਕਲਜ਼ ਕੰਪਨੀ ਦੀ ਟੀ ਐਕਸ-369, ਸਾਈਜੈਂਟਾਂ ਇੰਡੀਆ ਲਿਮਟਡ ਦੀ ਐਸ.7750, ਯੂ.ਪੀ.ਐਲ. ਐਡਵਾਂਟਾ ਦੀ ਪੀ.ਏ.ਸੀ. 751 ਅਤੇ ਯੰਗਅੰਤੀ ਸੀਡਜ਼ ਦੀ ਲਕਸ਼ਮੀ 333 ਸ਼ਾਮਲ ਹਨ।

Advertisements


ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਬੀਜ ਅਤੇ ਬਾਕੀ ਫ਼ਸਲ ਲਈ ਲੋੜੀਂਦੇ ਇਨਪੁਟਸ ’ਤੇ ਬਣਦੀ ਸਬਸਿਡੀ ਦੀ ਰਕਮ ਕਿਸਾਨ ਦੇ ਬੈਂਕ ਖਾਤੇ ਵਿੱਚ ਪਾਈ ਜਾਵੇਗੀ ਅਤੇ ਇਕ ਕਿਸਾਨ ਘੱਟ ਤੋਂ ਘੱਟ ਇਕ ਏਕੜ ਅਤੇ ਵੱਧ ਤੋਂ ਵੱਧ 5 ਏਕੜ ਤੱਕ ਮੱਕੀ ਦਾ ਬੀਜ ਅਤੇ ਹੋਰ ਲੋੜੀਂਦੀ ਇਨਪੁਟਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਇਹ ਇਨਪੁਟਸ ਆਪਣੀ ਪਸੰਦ ਦੀ ਕੋਈ ਵੀ ਪ੍ਰਵਾਨਿਤ ਕਿਸਮ ਵਿਭਾਗ ਦੀ ਲਾਇਸੰਸ ਪ੍ਰਾਪਤ ਕੰਪਨੀ ਜਾਂ ਉਨ੍ਹਾਂ ਦੇ ਅਧਿਕਾਰਤ ਡੀਲਰ/ਰਿਟੇਲਰ ਪਾਸੋਂ ਖਰੀਦ ਕਰਕੇ ਵਿਭਾਗ ਵਲੋਂ ਨਿਰਧਾਰਤ ਅਰਜ਼ੀ ਫਾਰਮ ਨਾਲ ਆਧਾਰ ਕਾਰਡ, ਬੈਂਕ ਦੀ ਕਾਪੀ ਅਤੇ ਦੁਕਾਨ ਪਾਸੋਂ ਪ੍ਰਾਪਤ ਕੀਤਾ ਮੱਕੀ ਬੀਜ, ਕੀੜੇ ਮਾਰ ਦਵਾਈ, ਨਦੀਨ ਨਾਸ਼ਕ, ਜਿੰਕ 21 ਪ੍ਰਤੀਸ਼ਤ ਦੇ ਅਸਲ ਬਿੱਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਇਹ ਲਾਭ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀਆਂ ਸ਼ਰਤਾਂ ਅਨੁਸਾਰ ਐਸ.ਸੀ./ਐਸ.ਟੀ. ਅਤੇ ਔਰਤ ਕਿਸਾਨਾਂ ਦਾ ਰਾਂਖਵਾਕਰਨ ਹੋਵੇਗਾ ਜੋ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ। 

LEAVE A REPLY

Please enter your comment!
Please enter your name here