ਅਰੋੜਾ ਵਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਾਰਡਾਂ ਲਈ 20 ਲੱਖ, 15 ਲੱਖ ਅਤੇ 10 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): 75ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਅੰਦਰ ਸਾਫ ਸੁਥਰੇ ਅਤੇ ਸਿਹਤਮੰਦ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਨਗਰ ਨਿਗਮ ਵਲੋਂ ‘ਸਵੱਛ ਵਾਰਡ’ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਨਤੀਜਾ 12 ਅਗਸਤ ਨੂੰ ਆਵੇਗਾ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਵੱਛ ਵਾਰਡ ਮੁਕਾਬਲਿਆਂ ਦੇ ਜੇਤੂ ਪਹਿਲੇ ਤਿੰਨ ਵਾਰਡਾਂ ਲਈ ਕ੍ਰਮਵਾਰ 20 ਲੱਖ ਰੁਪਏ, 15 ਲੱਖ ਰੁਪਏ ਅਤੇ 10 ਲੱਖ ਰੁਪਏ ਦੀ ਵਿਕਾਸ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਜੇਤੂ ਵਾਰਡਾਂ ਦੇ ਸਫ਼ਾਈ ਸੇਵਕਾਂ, ਕੌਂਸਲਰਾਂ ਅਤੇ ਸਵੱਛਤਾ ਯੋਧਿਆਂ ਦਾ 15 ਅਗਸਤ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਵੱਛ ਵਾਰਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਵਿਸ਼ੇਸ਼ ਉਪਰਾਲੇ ਦਾ ਮੰਤਵ ਸਾਰੇ ਵਾਰਡਾਂ ਨੂੰ ਪੂਰੀ ਤਰ੍ਹਾਂ ਕੂੜਾ ਅਤੇ ਗੰਦਗੀ ਰਹਿਤ ਬਨਾਉਣਾ ਹੈ ਤਾਂ ਜੋ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਣ ਹੋਰ ਸੁਚੱਜੇ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ।

Advertisements

ਉਨ੍ਹਾਂ ਨੇ ਵਾਰਡ ਵਸਨੀਕਾਂ, ਮਾਰਕਿਟ ਐਸੋਸੀਏਸ਼ਨਾਂ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਗੈਰ ਸਰਕਾਰੀ ਸੰਸਥਾਵਾਂ ਆਦਿ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁਕਾਬਲਿਆਂ ਵਿਚ ਸਰਗਰਮ ਭੂਮਿਕਾ ਨਿਭਾਉਂਦਿਆਂ ਵਾਰਡਾਂ ਨੂੰ ਹੋਰ ਸਵੱਛ ਬਨਾਉਣ ’ਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਬਣਾਈ ਕਮੇਟੀ ਵਲੋਂ ਸਮੀਖਿਆ ਉਪਰੰਤ 12 ਅਗਸਤ ਨੂੰ ਇਨ੍ਹਾਂ ਮੁਕਾਬਲਿਆਂ ਦਾ ਨਤੀਜਾ ਕੱਢਿਆ ਜਾਵੇਗਾ ਅਤੇ ਜੇਤੂਆਂ ਦਾ ਸਨਮਾਨ 15 ਅਗਸਤ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਕਾਸ ਗਰਾਂਟਾਂ ਜਿੱਤਣ ਲਈ ਨਗਰ ਨਿਗਮ ਵਲੋਂ ਕੂੜਾ ਇਕੱਤਰ ਕਰਨ ਲਈ ਬਣਾਈਆਂ 4 ਸਾਈਟਾਂ ਨੂੰ ਛੱਡ ਕੇ ਸਾਰੇ ਵਾਰਡਾਂ ਨੂੰ ਮੁਕੰਮਲ ਤੌਰ ’ਤੇ ਕੂੜਾ ਅਤੇ ਕੂੜੇ ਵਾਲੀਆਂ ਥਾਵਾਂ ਤੋਂ ਮੁਕਤ ਕਰਨਾ ਹੈ।

LEAVE A REPLY

Please enter your comment!
Please enter your name here