
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਬ ਸਾਂਝੀ ਵਾਲਤਾ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ, ਸਰਬੱਤ ਦੇ ਭਲੇ ਅਤੇ ਨਿਰਪੱਖ ਅਤੇ ਬਿਨਾਂ ਕਿਸੇ ਵਿਤਕਰੇ ਲੋੜਵੰਦਾਂ ਦੀ ਸੇਵਾ ਦੇ ਜਿਸ ਸਿਧਾਂਤ ਤੇ ਚਲਦਿਆਂ ਭਾਈ ਘਨੱਈਆ ਜੀ ਨੇ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਸੇਵਾ ਕੀਤੀ ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਘਨੱਈਆ ਜੀ ਨੂੰ ਬਖਸ਼ਿਸ਼ ਕੀਤੀ ਸੇਵਾ ਦੇ ਪ੍ਰਸੰਗ ਵਿੱਚ ਜਦੋਂ ਅਸੀਂ ਦੁਨੀਆਂ ਭਰ ਵਿੱਚ ਸੇਵਾ ਸਬੰਧੀ ਇਤਿਹਾਸਿਕ ਘਟਨਾਵਾਂ ਜਿਸ ਵਿਚ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਇਨਸਾਨੀਅਤ ਤੋਰ ਤੇ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਦਾ ਜ਼ਿਕਰ ਆਉਂਦਾ ਹੈ ਤਾਂ ਭਾਈ ਘਨੱਈਆ ਜੀ ਦੀ ਸੇਵਾ ਦੀ ਮਹੱਤਤਾ ਬਾਰੇ ਪਤਾ ਲੱਗਦਾ ਹੈ। ਅੰਤਰਰਾਸ਼ਟਰੀ ਰੈਡ ਕਰਾਸ ਸੇਵਾ ਦਾ ਜਨਮ ਵੀ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਕਰਨ ਤੋਂ ਹੋਇਆ । ਸਵਿਟਜ਼ਰਲੈਂਡ ਨਿਵਾਸੀ ਸਰ ਹੈਨਰੀ ਡਿਉਨਾ ਵੱਲੋਂ 1859 ਵਿੱਚ ਇਟਲੀ ਦੇ ਸਾਲਫਰੀਨੋ ਦੇ ਹੋਈ ਭਿਆਨਕ ਲੜਾਈ ਵਿਚ ਜ਼ਖ਼ਮੀ ਹੋਏ ਸੈਨਿਕਾਂ ਦੀ ਸੇਵਾ ਕੀਤੀ ਅਤੇ ਇਸ ਲੜਾਈ ਵਿੱਚ ਜ਼ਖ਼ਮੀਆਂ ਦੀ ਤਰਸਯੋਗ ਹਾਲਤ ਅਤੇ ਇਨ੍ਹਾਂ ਦੀ ਸੇਵਾ ਸੰਭਾਲ ਲਈ ਆਪਣੇ ਸੁਝਾਅ ਇਕ ਕਿਤਾਬ ਵਿੱਚ ਕਲਮ ਬੰਦ ਕੀਤੇ ਜਿਸ ਦਾ ਸੀ-ਸਾਲਫਰੀਨੋ ਦੀ ਯਾਦ । ਹੈਨਰੀ ਡਿਉਨਾ ਵੱਲੋਂ ਦਿੱਤੇ ਸੁਝਾਵਾਂ ਦੀ ਇਨਸਾਨੀਅਤ ਭਲੇ ਲਈ ਲੋਕਾਂ ਨੇ ਸਰਾਹਨਾ ਕੀਤੀ ਅਤੇ ਇਸ ਨੂੰ ਵਿਸ਼ਵ ਭਰ ਵਿਚ ਪਹੁਚਾਉਣ ਲਈ ਉਪਰਾਲੇ ਕੀਤੇ।

ਅੰਤਰਰਾਸ਼ਟਰੀ ਮਾਨਵਤਾ ਕਨੂੰਨ ਵਿਚ ਵੀ ਮੈਦਾਨੇ ਵਿਚ ਜ਼ਖਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਵਿਤਕਰਾ ਰਹਿਤ ਸੇਵਾ ਸਬੰਧੀ ਹਦਾਇਤਾਂ ਦਰਜ ਹਨ ਅਤੇ ਇਸ ਕਨੂੰਨ ਦਾ ਮੂਲ ਆਧਾਰ ਹੈ। ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਅਤੇ ਸਰਬਸਾਂਝੀਵਾਲਤਾ ਦੇ ਮਾਰਗ ਤੇ ਚਲਦਿਆਂ 1704 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਭਿਆਨਕ ਜੰਗ ਦੋਰਾਨ ਜ਼ਖ਼ਮਾਂ ਨਾਲ ਤੜਪ ਰਹੇ ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕੀਤੀ , ਪਿਆਸੇ ਜ਼ਖ਼ਮੀਆਂ ਨੂੰ ਪਾਣੀ ਪਿਆਇਆ ਅਤੇ ਜ਼ਖਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਜ਼ਖ਼ਮਾਂ ਤੇ ਮਲ੍ਹਮ ਪੱਟੀ ਕਰਨ ਦੀ ਸੇਵਾ ਵੀ ਕੀਤੀ। ਆਪਣੇ ਅਤੇ ਬੇਗਾਨੇ ਦੇ ਵਖਰੇਵੇਂਆਂ ਤੋਂ ਉੱਪਰ ਉੱਠ ਕੇ ਕੀਤੀ ਸੇਵਾ ਕਰਕੇ ਮਨੁੱਖੀ ਕਦਰਾਂ-ਕੀਮਤਾਂ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਅਤੇ ਇਹ ਮਹਾਨ ਸੇਵਾ ਕੇਵਲ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਪਿਛਲੇ ਲੱਗ ਭੱਗ 35 ਸਾਲਾਂ ਤੋਂ ਭਾਈ ਘਨੱਈਆ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਦੀ ਇਸ ਸੇਵਾ ਨੂੰ ਅੰਤਰਰਾਸ਼ਟਰੀ ਪੱਧਰ ਮਾਨਤਾ ਦਿਵਾਉਣ ਲਈ 1987 ਵਿੱਚ ਭਾਈ ਘਨੱਈਆ ਜੀ ਮਿਸ਼ਨ ਨਾਮ ਦੀ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਮਿਸ਼ਨ ਵੱਲੋਂ ਸਮਾਜ ਸੇਵੀ ਕਾਰਜਾਂ ਅਰੰਭੇ ਗਏ ਅਤੇ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਸਬੰਧੀ ਖੋਜ ਕਾਰਜ ਵੀ ਅਰੰਭੇ ਗਏ ਅਤੇ ਇਨ੍ਹਾਂ ਸੇਵਾਵਾਂ ਸਬੰਧੀ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਣਕਾਰੀ ਦੇਣ ਲਈ ਸਮੇਂ-ਸਮੇਂ ਅੰਤਰਰਾਸ਼ਟਰੀ ਰੈਡ ਕਰਾਸ ਅਤੇ ਰੈਡ ਕਰੀਸੈਂਟ ਜਨੇਵਾ, ਭਾਰਤੀ ਰੈਡ ਕਰਾਸ ਕਮੇਟੀ, ਮਾਨਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਰਾਸ਼ਟਰੀ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਵੀ ਲਿਖਿਆ ਗਿਆ ਅਤੇ ਸਹਿਯੋਗ ਦੀ ਅਪੀਲ ਵੀ ਕੀਤੀ ਗਈ। ਅਨੇਕਾਂ ਹੀ ਖੂਨ ਦਾਨ ਕੈਂਪ, ਨੇਤਰ ਦਾਨ ਕੈਂਪ, ਡਾਕਟਰੀ ਸਹਾਇਤਾ ਕੈਂਪ ਅਤੇ ਸੇਵਾ ਦੇ ਸੰਕਲਪ ਸੈਮੀਨਾਰ ਆਦਿ ਦਾ ਅਯੋਜਨ ਕੀਤਾ ਗਿਆ। ਲੱਗ ਭੱਗ 35 ਸਾਲਾਂ ਦੇ ਲੰਮੇ ਪੱਧਰ ਵਿਹਾਰ ਦੇ ਨਤੀਜੇ ਆਉਣੇ ਸ਼ੁਰੂ ਹੋਏ। ਨਤੀਜੇ ਵਜੋਂ ਪੰਜਾਬ ਸਰਕਾਰ ਵੱਲੋਂ 20 ਸਤੰਬਰ ਨੂੰ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਸਰਕਾਰੀ ਪੱਧਰ ਮਨਾਇਆ ਜਾਂਦਾ ਹੈ। ਆਮ ਰਾਜ ਪ੍ਰਬੰਧ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਮਾਨਯੋਗ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਪੱਤਰ ਲਿਖ ਕੇ ਇਸ ਮਹਾਨ ਸੇਵਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਜਾਣ ਸਬੰਧੀ ਲਿਖਿਆ ਹੈ। ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਦੇ ਨਾਮ ਭਾਈ ਘਨੱਈਆ ਜੀ ਵਾਰਡ ਰੱਖਣ ਸਬੰਧੀ ਲਿਖਿਆ ਗਿਆ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਥਿਤ ਸਿਹਤ ਕੇਂਦਰ ਦਾ ਨਾਮ ਭਾਈ ਘਨੱਈਆ ਜੀ ਸਿਹਤ ਕੇਂਦਰ ਰੱਖਿਆ ਗਿਆ ਹੈ ਤਾਂ ਕਿ ਨੋਜਵਾਨ ਵਰਗ। ਭਾਈ ਘਨੱਈਆ ਜੀ ਦੀਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ ਲੋਕਾਂ ਦੀ ਸੇਵਾ ਕਰ ਸਕਣ। ਅੰਤਰਰਾਸ਼ਟਰੀ ਰੈਡ ਕਰਾਸ ਕਮੇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਨਾਲ ਹੋਏ ਸੰਪਰਕ ਦੇ ਨਤੀਜੇ ਵਜੋਂ ਬਹੁਤ ਹੀ ਸ਼ਲਾਘਾਯੋਗ ਨਤੀਜੇ ਸਾਹਮਣੇ ਆਏ ਅਤੇ ਹੁਣ ਅੰਤਰਰਾਸ਼ਟਰੀ ਰੈਡ ਕਰਾਸ ਵੱਲੋਂ ਭਾਈ ਘਨੱਈਆ ਜੀ ਦੀਆਂ ਮਨੁੱਖਤਾ ਪ੍ਰਤੀ ਮਹਾਨ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਇਸ ਸਬੰਧੀ ਜਾਣਕਾਰੀ ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਦਰਜ ਕਰਕੇ ਮਾਣ ਸਤਿਕਾਰ ਦਿੱਤਾ ਹੈ ਤਾਂ ਕਿ ਵਿਸ਼ਵ ਭਾਈਚਾਰੇ ਲੋਕਾਂ ਨੂੰ ਅਤੇ ਮਨੁੱਖਤਾ ਦੀ ਸੇਵਾ, ਮਨੁੱਖੀ ਕਦਰਾਂ-ਕੀਮਤਾਂ ਅਤੇ ਅੰਤਰਰਾਸ਼ਟਰੀ ਮਾਨਵਤਾ ਕਨੂੰਨ ਦੇ ਵਿਦਿਆਰਥੀ ਅਤੇ ਖੋਜਕਾਰਾਂ ਨੂੰ ਵੀ ਜਾਣਕਾਰੀ ਦਿੱਤੀ ਜਾ ਸਕੇ। ਹਰ ਸਮੇਂ ਸੰਸਾਰ ਵਿੱਚ ਕਿਤੇ ਨਾ ਕਿਤੇ ਜੰਗ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ ਅਤੇ ਆਮ ਲੋਕਾਂ ਦੇ ਜਾਨਮਾਲ , ਬੱਚਿਆਂ ਅਤੇ ਬਜ਼ੁਰਗਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਧਰਮ , ਜਾਤ- ਪਾਤ ਅਤੇ ਉੱਚ ਨੀਚ ਦੇ ਭੇਦ ਭਾਵ ਦੇ ਨਾਮ ਤੇ ਦੰਗੇ ਅਕਸਰ ਹੀ ਹੁੰਦੇ ਰਹਿੰਦੇ ਹਨ ।
ਮਨੁੱਖਤਾ ਦੇ ਭਲੇ ਲਈ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਵਜੋਂ ਹਰ ਦੇਸ਼ ਵਿੱਚ ਸ਼ਾਂਤੀ ਮਿਊਜ਼ੀਅਮ ਵੀ ਸਥਾਪਿਤ ਕੀਤੇ ਜਾਣ ਤਾਂ ਕਿ ਇਨਸਾਨੀਅਤ ਨਾਲ ਪਿਆਰ , ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਕਾਰਜਾਂ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਵਿਸ਼ੇਸ਼ ਧੰਨਵਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ, ਭਾਰਤੀ ਰੈਡ ਕਰਾਸ ਸੁਸਾਇਟੀ ਨਵੀਂ ਦਿੱਲੀ, ਰੈਡ ਕਰਾਸ ਸੁਸਾਇਟੀ ਸ਼ਾਖਾ ਪੰਜਾਬ, ਇੰਟਰਨੈਸ਼ਨਲ ਸਿੱਖ ਕੋਨਫੈਡਰੇਸ਼ਨ ਚੰਡੀਗੜ੍ਹ, ਭਾਈ ਘਨੱਈਆ ਜੀ ਸਮੂਹ ਸੇਵਾ ਜਥੇਬੰਦੀਆਂ ਅਤੇ ਹੋਰ ਉਘੀਆਂ ਸਖਸ਼ੀਅਤਾਂ ਜਿਨ੍ਹਾਂ ਦੇ ਸਹਿਯੋਗ ਨਾਲ ਕਾਰਜ ਕਰਦੇ ਰਹਿਣ ਲਈ ਉਤਸ਼ਾਹ ਮਿਲ ਰਿਹਾ ਹੈ ਪਰੰਤੂ ਇਸ ਸਬੰਧੀ ਹੋਰ ਵਧੇਰੇ ਕਾਰਜ ਕਰਨ ਦੀ ਲੋੜ ਹੈ ਅਤੇ ਇਸ ਸੇਵਾ ਦਿਵਸ ਨੂੰ ਸਮਰਪਿਤ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਤੇ ਮਨਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।











