ਰਾਣਾ ਕੇਪੀ ਸਿੰਘ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ

ਚੰਡੀਗੜ (ਦ ਸਟੈਲਰ ਨਿਊਜ਼): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ  ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ’ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਥੋਂ ਜਾਰੀ ਇਕ ਸੰਦੇਸ਼ ਵਿੱਚ ਸਪੀਕਰ ਨੇ ਕਿਹਾ  ਕਿ ਸ਼੍ਰੀ ਗੁਰੂ ਨਾਨਕ ਦੇਵ ਜੀ  ਨੇ ਸਾਨੂੰ ਰੂਹਾਨੀ ਤ੍ਰਿਪਤੀ ਦਾ ਮਾਰਗ ਦਰਸਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਬਰਾਬਰਤਾ, ਆਪਸੀ ਪ੍ਰੇਮ-ਪਿਆਰ ਅਤੇ ਮਾਨਵੀ ਭਾਵਨਾ ਪ੍ਰਤੀ ਨਿਰੰਤਰ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਨੂੰ ਬਾਬਾ ਜੀ ਵੱਲੋਂ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ  ਵੰਡ ਛਕਣ ਦੀ ਪ੍ਰੇਰਨਾ ਪ੍ਰਤੀ ਮੁੜ ਸੰਕਲਪ ਹੋਣ ਦਾ ਵੀ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਦੇਸ਼ੀ ਧਾੜਵੀਆਂ ਦੇ ਜਬਰ, ਸਮਕਾਲੀ ਸ਼ਾਸਕਾਂ ਦੇ ਅਨਿਆਂ ਅਤੇ ਰੂੜੀਵਾਦੀ ਰਵਾਇਤਾਂ ਦੇ ਗਲਬੇ ਦਾ ਵਿਰੋਧ ਕਰਦਿਆਂ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਜਾਤ-ਪਾਤ ਅਤੇ ਵਹਿਮਾਂ-ਭਰਮਾਂ ਤੋਂ ਨਿਰਲੇਪ ਸਮਾਜ ਦੀ ਉਸਾਰੀ ਦਾ ਉਪਦੇਸ਼ ਦਿੱਤਾ।

Advertisements


ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮੌਜੂਦਾ ਭੌਤਿਕਵਾਦੀ ਸਮਾਜ ਨੂੰ ਸਹੀ ਰਸਤੇ ਪਾਉਣ ਲਈ ਬਹੁਤ ਸਾਰਥਕ ਹਨ। ਸਪੀਕਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ-ਸੁੱਚਾ ਜੀਵਨ ਬਤੀਤ ਕਰਨ ਦਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਵੀ ਮਨੁੱਖਤਾ ਦੀ ਸੁਚੱਜੀ ਅਗਵਾਈ ਕਰਦਿਆਂ  ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ।

LEAVE A REPLY

Please enter your comment!
Please enter your name here