ਵਧੀਕ ਡਿਪਟੀ ਕਮਿਸ਼ਨਰ ਨੇ ਝੰਡਾ ਫੰਡ ਇਕੱਤਰ ਕਰਨ ਲਈ ਟੀਮਾਂ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਕੰਪਲੈਕਸ ਵਿਖੇ ਹਥਿਆਰਬੰਦ ਸੈਨਾ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ  ਦਫ਼ਤਰੀ ਸਟਾਫ਼ ਅਤੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਕੇ ਕੀਤੀ ਗਈ। ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ ਦੇ ਬਲਜੀਤ ਕੌਰ, ਸੁਪਰਡੰਟ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਹੁਸ਼ਿਆਰਪੁਰ ਵਲੋਂ ਝੰਡਾ ਟੋਕਨ ਲਗਾਇਆ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਝੰਡੀ ਦੇ ਕੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਪ੍ਰੀ-ਰਿਕਰੂਟਮੈਂਟ ਟਰੇਨਿੰਗ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਝੰਡਾ ਫੰਡ ਇਕੱਤਰ ਕਰਨ ਲਈ ਰਵਾਨਾ ਕੀਤਾ ਗਿਆ।

Advertisements

ਉਨ੍ਹਾਂ ਇਸ ਮੌਕੇ ਕਿਹਾ  ਕਿ ਸਾਨੂੰ ਬਹੁਤ ਹੀ ਫਖਰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾ ਰਹੇ ਹਾਂ। ਸਾਨੂੰ ਸਭ ਨੂੰ ਆਪਣੇ ਸੂਰਬੀਰ ਸੈਨਿਕਾਂ ’ਤੇ ਮਾਣ ਕਰਨਾ ਚਾਹੀਦਾ ਹੈ ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਸਨੀਕ ਹੋ ਕੇ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਵੀ ਇਕਜੁਟ ਹੋ ਕੇ ਦੇਸ਼ ਦੀ ਰੱਖਿਆ ਕਰਨ ਲਈ ਇਹ ਮਰਨ ਮਿਟਣ ਲਈ ਤਿਆਰ ਰਹਿੰਦੇ ਹਨ। ਅਸੀਂ ਉਨ੍ਹਾਂ ਸੂਰਬੀਰ ਯੋਧਿਆਂ ਨੂੰ ਸਲਾਮ ਕਰਦੇ ਹਾਂ ਜਿਹੜੇ ਸਾਡੇ ਕੱਲ੍ਹ ਲਈ ਆਪਣਾ ਅੱਜ ਵਾਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ਅਤੇ ਆਪਣੀ ਇਸ ਮਹਾਨ ਕੁਰਬਾਨੀ ਸਦਕਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਦੇ ਹਨ। ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਫੰਡ ਲਈ ਦਿਲ ਖੋਲ੍ਹ ਕੇ ਦਾਨ ਕਰਨ ਤਾਂ ਜੋ ਬੇਵਕਤੇ ਸਮੇਂ ਫੌਜੀਆਂ, ਸਾਬਕਾ ਫੌਜੀਆਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ।

ਕਰਨਲ ਜਰਨੈਲ ਸਿੰਘ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਥਿਆਬੰਦ ਸੈਨਾ ਝੰਡਾ ਦਿਵਸ ਸਾਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ਵਿਚ ਕੁਲ 577 ਸ਼ਹੀਦ, 461 ਪੁਰਸਕਾਰ ਵਿਜੇਤਾ ਅਤੇ 61 ਹਜ਼ਾਰ ਦੇ ਕਰੀਬ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਗਿਣਤੀ ਹੈ ਅਤੇ ਅੱਜ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਲਈ 5 ਲੱਖ 50 ਹਜ਼ਾਰ ਦੇ ਕਰੀਬ ਸਟਿੱਕਰ ਪੂਰੇ ਜ਼ਿਲ੍ਹੇ ਵਿਚ ਵੰਡੇ ਗਏ ਹਨ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣਾ ਨਿੱਜੀ ਧਿਆਨ ਦੇ ਕੇ ਇਸ ਫੰਡ ਵਿਚ ਵੱਧ ਤੋਂ ਵੱਧ ਵਿੱਤੀ ਅੰਸ਼ਦਾਨ ਦਾ ਯੋਗਦਾਨ ਦੇ ਕੇ ਸੈਨਿਕਾਂ ਨਾਲ ਆਪਣੀ ਸਾਂਝ ਪ੍ਰਗਟ ਕਰਨ ਲਈ ਅਪੀਲ ਕੀਤੀ। ਇਸ ਮੌਕੇ ਦਫਤਰੀ ਸਟਾਫ਼ ਦੇ ਬਲਜੀਤ ਕੌਰ, ਸੁਪਰਡੰਟ, ਰਾਜ ਕੁਮਾਰੀ, ਸਤੀਸ਼ ਸਿੰਘ ਬੱਗਾ, ਮਨਜੀਤ ਸਿੰਘ, ਕੈਪਟਨ ਕੁਲਦੀਪ ਕੁਮਾਰ, ਕੈਪਟਨ ਨਰੇਸ਼ ਕੁਮਾਰ, ਸੂਬੇਦਾਰ ਨਰਿੰਦਰ ਸਿੰਘ, ਸੂਬੇਦਾਰ ਹਰਬੰਸ ਸਿੰਘ, ਸੂਬੇਦਾਰ ਜਸਵਿੰਦਰ ਸਿੰਘ ਧਾਮੀ, ਗੁਰਮੀਤ ਸਿੰਘ, ਸਮੂਹ ਐਸ.ਆਈ.ਐਮ.ਟੀ. ਤੇ ਪੀ.ਆਰ.ਟੀ. ਸਟਾਫ਼, ਨਾਨ ਆਫਿਸ਼ੀਅਲ ਮੈਂਬਰ ਰਛਪਾਲ ਸਿੰਘ, ਸਾਬਕਾ ਸੂਬੇਦਾਰ ਚੰਨਣ ਸਿੰਘ, ਸਾਬਕਾ ਸੈਨਿਕ ਅਤੇ ਵਿਧਵਾਵਾਂ ਹਾਜਰ ਸਨ।

LEAVE A REPLY

Please enter your comment!
Please enter your name here