ਪਰਗਟ ਸਿੰਘ ਵੱਲੋਂ ਪੰਜਾਬ ਦੇ 870 ਸਰਕਾਰੀ ਸਕੂਲਾਂ ‘ਚ 4361 ਟੈਬਲੈੱਟ ਵੰਡਣ ਦੀ ਸ਼ੁਰੂਆਤ

ਜਲੰਧਰ (ਦ ਸਟੈਲਰ ਨਿਊਜ਼)। ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਢਾਂਚੇ ਨੂੰ ਹੋਰ ਹੁਲਾਰਾ ਦਿੰਦਿਆਂ ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਵੱਲੋਂ ਅੱਜ ਜਲੰਧਰ ਵਿਖੇ 870 ਸਰਕਾਰੀ ਸਕੂਲਾਂ ਵਿੱਚ 4361 ਟੈਬਲੈਟਸ ਵੰਡਣ ਦੀ ਸ਼ੁਰੂਆਤ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਵਿਖੇ ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਟੈਬਲੇਟ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਈ-ਲਰਨਿੰਗ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਕਰੀਬ 50 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕੁੱਲ 250 ਟੈਬਲੈਟ ਮੁਹੱਈਆ ਕਰਵਾਏ ਜਾਣਗੇ, ਜਿਨ੍ਹਾਂ ਦੀ ਸ਼ੁਰੂਆਤ ਅੱਜ ਕੁਝ ਸਕੂਲਾਂ ਨੂੰ ਟੈਬਲੈਟ ਵੰਡ ਕੇ ਕੀਤੀ ਗਈ ।

Advertisements

ਉਨ੍ਹਾਂ ਦੱਸਿਆ ਕਿ ਇਹ ਟੈਬਲੈੱਟ ਈ-ਕੰਟੈਂਟ ਐਪਲੀਕੇਸ਼ਨਾਂ ਨਾਲ ਲੈਸ ਹਨ ਤਾਂ ਜੋ ਵਿਦਿਆਰਥੀਆਂ ਨੂੰ ਇਨ੍ਹਾਂ ਟੈਬਲੇਟਾਂ ਰਾਹੀਂ ਡਿਜੀਟਲਾਈਜ਼ਡ ਸਮੱਗਰੀ ਨੂੰ ਪ੍ਰਾਪਤ ਕਰਨ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਰੇਕ ਸਕੂਲ ਨੂੰ ਅਜਿਹੇ ਪੰਜ ਟੈਬਲੇਟ ਦਿੱਤੇ ਜਾਣਗੇ।  ਕੈਬਨਿਟ ਮੰਤਰੀ ਨੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਿੱਦਿਅਕ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਸਦਕਾ ਸੂਬੇ ਵੱਲੋਂ ਰਾਸ਼ਟਰੀ ਪੱਧਰ ‘ਤੇ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਕੇਵਲ ਅਧਿਆਪਕ ਹੀ ਹਨ, ਜੋ ਬੱਚਿਆਂ ਵਿੱਤ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਕੇ ਇਸ ਦੇਸ਼ ਦੇ ਭਵਿੱਖ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਕੀਮਤੀ ਮਨੁੱਖੀ ਸਰੋਤ ਬਣਨ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਸਿਸਟਮ ਦੀ ਬਿਹਤਰੀ ਲਈ ਅਧਿਆਪਕਾਂ-ਵਿਦਿਆਰਥੀਆਂ ਦਰਮਿਆਨ ਦੋਸਤਾਨਾ ਸਬੰਧ ਬਣਾਉਣ ਦੀ ਵਕਾਲਤ ਵੀ ਕੀਤੀ ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਵਿਖੇ ਅਗਲੇ ਵਿੱਦਿਅਕ ਸੈਸ਼ਨ ਤੋਂ ਕਾਮਰਸ ਅਤੇ ਸਾਇੰਸ ਸਟ੍ਰੀਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਇਸ ਮੌਕੇ ਅਧਿਆਪਕਾਂ ਨੂੰ ਐਜੂਕੇਅਰ ਮੋਬਾਇਲ ਐਪਲੀਕੇਸ਼ਨ ਤਿਆਰ ਕਰਨ ਲਈ ਸਨਮਾਨਿਤ ਵੀ ਕੀਤਾ, ਜਿਸ ਨੂੰ ਦੇਸ਼ ਵਿੱਚ ਲੋਕਾਂ ਵੱਲੋਂ ਵਿਆਪਕ ਤੌਰ ‘ਤੇ ਸਵੀਕਾਰ ਕੀਤਾ ਗਿਆ। ਇਸ ਐਪ ਨੇ ਥੋੜ੍ਹੇ ਸਮੇਂ ਵਿੱਚ ਹੀ 62 ਲੱਖ ਉਪਯੋਗਕਰਤਾ ਅਤੇ 57 ਕਰੋੜ ਦਰਸ਼ਕ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ ਇਹ ਐਪ ਕੋਵਿਡ -19 ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਲੇਬਸ ਦੇ ਅਨੁਸਾਰ ਅਧਿਐਨ ਸਮੱਗਰੀ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਸੀ। ਕੈਬਨਿਟ ਮੰਤਰੀ ਵੱਲੋਂ ਅੱਜ ਅਧਿਆਪਕਾਂ ਦੀਪਕ ਕੁਮਾਰ, ਹਰੀ ਦਰਸ਼ਨ, ਹਰਜੀਤ, ਜਸਵਿੰਦਰ ਸਿੰਘ, ਉਮੇਸ਼ਵਰ ਨੂੰ ਇਸ ਐਪਲੀਕੇਸ਼ਨ ਨੂੰ ਤਿਆਰ ਕਰਨ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਪ੍ਰਸ਼ੰਸਾ ਪੱਤਰ ਸੌਂਪੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਿੰਦਰਪਾਲ ਸਿੰਘ, ਡਿਪਟੀ ਡੀ.ਈ.ਓ ਰਾਜੀਵ ਜੋਸ਼ੀ, ਪ੍ਰਿੰਸੀਪਲ ਅਸਿਥਾ ਸ਼ਰਮਾ, ਲਲਿਤ ਮੋਹਨ, ਤੇਜਿੰਦਰ ਸਿੰਘ, ਰਾਜੀਵ ਹਾਂਡਾ, ਕੁਮੁਦ ਸ਼ਰਮਾ, ਦਿਨੇਸ਼, ਕੁਸ਼ਦੀਪ ਕੌਰ, ਸੰਗੀਤਾ, ਰੁਪਿੰਦਰਜੀਤ ਕੌਰ, ਸੀਮਾ ਚੋਪੜਾ ਅਤੇ ਅਮਰਜੀਤ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here